108 ਐਂਬੂਲੈਂਸਾਂ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਲਾਡੋਵਾਲ ਟੋਲ ਪਲਾਜ਼ਾ ’ਤੇ ਧਰਨਾ ਲਾ ਕੇ ਕੀਤਾ ਪ੍ਰਦਰਸ਼ਨ

Friday, Jan 13, 2023 - 06:30 AM (IST)

108 ਐਂਬੂਲੈਂਸਾਂ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਲਾਡੋਵਾਲ ਟੋਲ ਪਲਾਜ਼ਾ ’ਤੇ ਧਰਨਾ ਲਾ ਕੇ ਕੀਤਾ ਪ੍ਰਦਰਸ਼ਨ

ਲੁਧਿਆਣਾ (ਅਨਿਲ)-ਪੰਜਾਬ ’ਚ ਚਲਾਈਆਂ ਜਾ ਰਹੀਆਂ 108 ਐਂਬੂਲੈਂਸ ਐਸੋਸੀਏਸ਼ਨ ਦੇ ਮੁਲਾਜ਼ਮਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇ ’ਤੇ ਲਾਡੋਵਾਲ ਟੋਲ ਪਲਾਜ਼ਾ ’ਤੇ ਪੰਜਾਬ ਸਰਕਾਰ ਖਿਲਾਫ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਪੰਜਾਬ ਸਰਕਾਰ ਨੇ 108 ਐਂਬੂਲੈਂਸ ਸੇਵਾ ਨੂੰ ਪ੍ਰਾਈਵੇਟ ਹੱਥਾਂ ’ਚ ਦੇ ਦਿੱਤਾ ਹੈ, ਜਿਸ ਕਾਰਨ ਅਸੀਂ ਪਿਛਲੇ 12 ਸਾਲਾਂ ਤੋਂ 108 ਐਂਬੂਲੈਂਸ ਸੇਵਾ ’ਤੇ ਰਾਤ-ਦਿਨ ਕੰਮ ਕਰ ਰਹੇ ਹਾਂ ਪਰ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਮਿਲ ਰਹੀ, ਜਿਸ ਕਾਰਨ ਅੱਜ 108 ਐਂਬੂਲੈਂਸ ਐਸੋਸੀਏਸ਼ਨ ਨੇ ਲਾਡੋਵਾਲ ਟੋਲ ਪਲਾਜ਼ਾ ’ਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਹੈ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਟੋਲ ਪਲਾਜ਼ਾ ’ਤੇ 108 ਐਂਬੂਲੈਂਸ ਦੇ ਨਾਲ ਧਰਨਾ ਲਾ ਕੇ ਬੈਠੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਐਂਬੂਲੈਂਸ ਦਾ ਠੇਕਾ, ਜਿਸ ਦਿਨ ਤੋਂ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਹੈ, ਉਹ ਕੰਪਨੀ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਨੇ ਆਪਣੀਆਂ ਮੰਗਾਂ ਸਬੰਧੀ ਕਈ ਵਾਰ ਪੰਜਾਬ ਸਰਕਾਰ ਨੂੰ ਦੱਸਿਆ ਪਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਅੱਜ ਮਜਬੂਰ ਹੋ ਕੇ ਉਨ੍ਹਾਂ ਨੂੰ ਇਥੇ ਧਰਨਾ ਲਾਉਣਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : JDU ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦਾ ਦਿਹਾਂਤ, 75 ਸਾਲ ਦੀ ਉਮਰ ’ਚ ਲਏ ਆਖਰੀ ਸਾਹ

PunjabKesari

ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦੀ ਤਰਜ਼ ’ਤੇ ਸਾਨੂੰ ਤਨਖਾਹ ਦਿੱਤੀ ਜਾਵੇ ਅਤੇ ਠੇਕੇਦਾਰ ਵੱਲੋਂ ਜਿਨ੍ਹਾਂ ਮੁਲਾਜ਼ਮਾਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ਨੂੰ ਮੁੜ ਬਹਾਲ ਕੀਤਾ ਜਾਵੇ। ਹਰ ਸਾਲ 10 ਫੀਸਦੀ ਤਨਖਾਹ ’ਚ ਵਾਧਾ ਕੀਤਾ ਜਾਵੇ। ਐਕਸੀਡੈਂਟ ਅਤੇ ਬੀਮਾਰੀ ਦੌਰਾਨ 50 ਲੱਖ ਦਾ ਬੀਮਾ ਕੀਤਾ ਜਾਵੇ। ਨੌਕਰੀ ਦੌਰਾਨ ਜੇਕਰ ਕਿਸੇ ਮੁਲਾਜ਼ਮ ਦੀ ਮੌਤ ਹੋ ਜਾਵੇ ਜਾਂ ਫਿਰ ਕਿਸੇ ਕਾਰਨ ਅਪਾਹਜ਼ ਹੋਣ ’ਤੇ ਸੂਬਾ ਸਰਕਾਰ ਪਰਿਵਾਰ ਦੇ ਇਕ ਮੈਂਬਰ ਲਈ ਨੌਕਰੀ ਅਤੇ ਪੈਨਸ਼ਨ ਲਾਗੂ ਕਰੇ।

5 ਮੈਂਬਰਾਂ ਦੀ ਕਮੇਟੀ ਨੂੰ ਚੰਡੀਗੜ੍ਹ ਮੀਟਿੰਗ ’ਚ ਬੁਲਾਇਆ ਗਿਆ

ਲਾਡੋਵਾਲ ਟੋਲ ਪਲਾਜ਼ਾ ’ਤੇ 108 ਐਂਬੂਲੈਂਸ ਐਸੋਸੀਏਸ਼ਨ ਵੱਲੋਂ ਲਾਏ ਗਏ ਧਰਨੇ ਕਾਰਨ ਮੌਕੇ ’ਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ, ਮੁਲਾਜ਼ਮਾਂ ਨਾਲ ਸਰਕਾਰ ਵੱਲੋਂ ਗੱਲ ਕਰਨ ਪੁੱਜੇ, ਜਿਨ੍ਹਾਂ ਵਿਚ ਏ. ਡੀ. ਸੀ. ਰਾਹੁਲ ਚਾਬਾ, ਐੱਸ. ਡੀ. ਐੱਮ. ਵੈਸਟ ਸੁਭਾਤੀ, ਏ. ਸੀ. ਪੀ. ਵੈਸਟ ਮਨਦੀਪ ਸਿੰਘ ਸਿੱਧੂ, ਜ਼ਿਲਾ ਹੈਲਥ ਅਧਿਕਾਰੀ ਗੁਰਪ੍ਰੀਤ ਸਿੰਘ, ਡਾ. ਰੁਪਿੰਦਰ ਸਿੰਘ ਗਿੱਲ, ਮੈਡੀਕਲ ਅਧਿਕਾਰੀ ਮਿੰਨੀ ਪੀ. ਐੱਚ. ਸੀ. ਪੁੱਜੇ, ਜਿਨ੍ਹਾਂ ਨੇ ਐਸੋਸੀਏਸ਼ਨ ਦੇ 5 ਮੈਂਬਰਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਗੱਲਬਾਤ ਲਈ ਚੰਡੀਗੜ੍ਹ ’ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲ ਕੀਤੀ ਜਾਵੇਗੀ।

ਪੰਜਾਬ ਦੀਆਂ 325 ਐਂਬੂਲੈਂਸ ਟੋਲ ਪਲਾਜ਼ਾ ’ਤੇ ਰਹੀਆਂ ਖੜ੍ਹੀਆਂ

ਅੱਜ ਟੋਲ ਪਲਾਜ਼ਾ ’ਤੇ 108 ਐਂਬੂਲੈਂਸ ਐਸੋਸੀਏਸ਼ਨ ਵੱਲੋਂ ਲਾਏ ਧਰਨੇ ਦੌਰਾਨ ਪੰਜਾਬ ’ਚ ਟੋਟਲ ਚੱਲ ਰਹੀਆਂ 325 ਐਂਬੂਲੈਂਸ ਵਾਹਨ ਧਰਨੇ ’ਤੇ ਮੌਜੂਦ ਰਹੀਆਂ। ਅਮਨਪ੍ਰੀਤ ਸਿੰਘ ਅਤੇ ਜੋਗਾ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੇਗੀ, ਉਦੋਂ ਤੱਕ ਸਾਰੀਆਂ ਐਂਬੂਲੈਂਸ ਟੋਲ ਪਲਾਜ਼ਾ ’ਤੇ ਖੜ੍ਹੀਆਂ ਰਹਿਣਗੀਆਂ। ਕੋਈ ਵੀ ਗੱਡੀ ਇੱਥੋਂ ਨਹੀਂ ਹਿੱਲੇਗੀ।
 


author

Manoj

Content Editor

Related News