ਪੰਜਾਬ ਦੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
Thursday, Apr 17, 2025 - 12:18 PM (IST)

ਪਟਿਆਲਾ (ਮਨਦੀਪ ਜੋਸਨ) : ਪਾਵਰਕਾਮ ਦੀਆਂ ਸਬ-ਡਵੀਜ਼ਨਾਂ ’ਚ ਟੈਕਨੀਕਲ ਸਟਾਫ ਦੀ ਆ ਰਹੀ ਭਾਰੀ ਕਮੀ ਦੇ ਮੱਦੇਨਜ਼ਰ ‘ਜਗ ਬਾਣੀ’ ਵੱਲੋਂ ਚੁੱਕੇ ਮੁੱਦੇ ਤੋਂ ਬਾਅਦ ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਨੇ ਸਮੁੱਚੇ ਪੰਜਾਬ ਦੇ ਦਫਤਰਾਂ ’ਚ ਲਿਖਤੀ ਆਦੇਸ਼ ਜਾਰੀ ਕਰਦਿਆਂ ਹੁਕਮ ਦਿੱਤੇ ਹਨ ਕਿ ਦਫਤਰਾਂ ’ਚ ਤਾਇਨਾਤ ਟੈਕਨੀਕਲ ਕਰਮਚਾਰੀਆਂ ਨੂੰ ਤੁਰੰਤ ਉਨ੍ਹਾਂ ਦੀਆਂ ਪਿਤਰੀ ਸਬ-ਡਵੀਜ਼ਨਾਂ ’ਚ ਵਾਪਸ ਭੇਜਿਆ ਜਾਵੇ ਤਾਂ ਜੋ ਬਿਜਲੀ ਸਪਲਾਈ ਦਾ ਕੰਮ ਨਿਰਵਿਘਨ ਹੋ ਸਕੇ। ਲੰਘੇ ਦਿਨ ਕੈਂਟ ਸਬ-ਡਵੀਜ਼ਨ ਦੇ ਮੁਲਾਜ਼ਮਾਂ ਨੇ ਇਕ ਵੱਡਾ ਧਰਨਾ ਲਗਾ ਕੇ ਮੰਗ ਕੀਤੀ ਸੀ ਕਿ ਟੈਕਨੀਕਲ ਦਫ਼ਤਰਾਂ ’ਚ ਬੇਹੱਦ ਮਾੜਾ ਹਾਲ ਹੈ। ਜਿੱਥੇ 100 ਪੋਸਟਾਂ ਹਨ, ਉੱਥੇ 40 ਵਿਅਕਤੀ ਹੀ ਕੰਮ ਕਰ ਰਹੇ ਹਨ। ਗਰਮੀ ਅਤੇ ਪੈਡੀ ਸੀਜ਼ਨ ਸਿਰ ’ਤੇ ਹੈ। ਇਸ ਲਈ ਮੈਨੇਜਮੈਂਟ ਇਸ ਦਾ ਕੋਈ ਹੱਲ ਕਰੇ। ਇਸ ਧਰਨੇ ਦੌਰਾਨ ਇਹ ਵੀ ਮੁੱਦਾ ਜ਼ੋਰ-ਸ਼ੋਰ ਨਾਲ ਉਠਿਆ ਸੀ ਕਿ ਐਕਸੀਅਨ ਅਤੇ ਹੋਰ ਹਾਇਰ ਦਫਤਰਾਂ ’ਚ ਟੈਕਨੀਕਲ ਕਰਮਚਾਰੀ ਡੈਪੂਟੇਸ਼ਨ ’ਤੇ ਦਫ਼ਤਰਾਂ ’ਚ ਬੈਠੇ ਹਨ, ਜਿਸ ਨਾਲ ਫੀਲਡ ਦੇ ਕਰਮਚਾਰੀਆਂ ’ਤੇ ਲੋਡ ਵੱਧ ਰਿਹਾ ਹੈ ਅਤੇ ਕਈ ਹਾਦਸੇ ਹੋ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਇੱਕੋ ਪ੍ਰਾਇਮਰੀ ਸਕੂਲ ਦੇ 6 ਅਧਿਆਪਕ ਸਸਪੈਂਡ
ਧਰਨੇ ਦੀਆਂ ਖ਼ਬਰਾਂ ਤੋਂ ਬਾਅਦ ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ, ਜਿਹੜੇ ਕਿ ਵੰਡ ਦਾ ਸਮੁੱਚਾ ਕੰਮ ਦੇਖਦੇ ਹਨ, ਹਰਕਤ ’ਚ ਆਏ ਹਨ। ਉਨ੍ਹਾਂ ਪੱਤਰ ਨੰਬਰ 643 ਰਾਹੀਂ ਹੁਕਮ ਜਾਰੀ ਕੀਤੇ ਹਨ ਕਿ ਪੰਜਾਬ ਅੰਦਰ ਜਿਹੜੇ ਵੀ ਟੈਕਨੀਕਲ ਕਰਮਚਾਰੀ ਸਰਕਲਾਂ, ਮੰਡਲਾਂ, ਉੱਪ ਮੰਡਲਾਂ ’ਚ ਡਿਊਟੀ ਕਰ ਰਹੇ ਹਨ, ਉਨ੍ਹਾਂ ਨੂੰ ਤੁਰੰਤ ਵਾਪਸ ਉਨ੍ਹਾਂ ਦੇ ਤਾਇਨਾਤੀ ਸਥਾਨ ’ਤੇ ਫੀਲਡ ’ਚ ਭੇਜਿਆ ਜਾਵੇ ਤਾਂ ਜੋ ਬਿਜਲੀ ਸਪਲਾਈ ’ਚ ਵਿਘਨ ਨਾ ਪਵੇ। ਇਹ ਸਪੱਸ਼ਟ ਹੈ ਕਿ ਇਹ ਆਦੇਸ਼ ਤੁਰੰਤ ਲਾਗੂ ਹੋਣਗੇ।
ਇਹ ਵੀ ਪੜ੍ਹੋ : ਬਿਜਲੀ ਦੇ ਬਿੱਲਾਂ ਨੂੰ ਲੈ ਕੇ ਪੰਜਾਬ ਪਾਵਰਕਾਮ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਨਵੇਂ ਹੁਕਮ
ਜੁਗਾੜ ਲਾਉਣ ਦੀ ਤਿਆਰੀ ’ਚ ਮੁਲਾਜ਼ਮ!
ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਵੱਲੋਂ ਜਾਰੀ ਆਦੇਸ਼ਾਂ ਤੋਂ ਬਾਅਦ ਦਫਤਰਾਂ ’ਚ ਬੈਠੇ ਏ. ਸੀ. ਦੀ ਹਵਾ ਦੇ ਬੁੱਲੇ ਲੁੱਟ ਰਹੇ ਮੁਲਾਜ਼ਮਾਂ ’ਚ ਘਬਰਾਹਟ ਹੈ ਪਰ ਉਹ ਵੱਡਾ ਜੁਗਾੜ ਲਾਉਣ ਦੀ ਤਿਆਰੀ ਵਿਚ ਹਨ। ਪਟਿਆਲਾ ਦੀ ਈਸਟ ਡਵੀਜ਼ਨ ਦੇ ਐਕਸੀਅਨ ਦਫਤਰ ਦੇ ਇਕ ਮੁਲਾਜ਼ਮ ਨੇ ਤਾਂ ਸ਼ਰੇਆਮ ਆਖਿਆ ਕਿ ਅਜਿਹੀ ਚਿੱਠੀ ਨੂੰ ਕਿ ਸਮਝਦੇ ਹਨ। ਦੁਬਾਰਾ ਸਾਡੇ ਐਕਸੀਅਨ ਸਾਹਿਬ ਪੱਤਰ ਲਿਖਣਗੇ ਕਿ ਸਟਾਫ ਦੀ ਬੜੀ ਲੋੜ ਹੈ ਅਤੇ ਇਹ ਸਭ ਕੁਝ ਗੋਲ-ਮਾਲ ਹੋ ਜਾਵੇਗਾ। ਅਜਿਹੇ ਕੁਝ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚਿੱਠੀਆਂ ਜਾਰੀ ਹੁੰਦੀਆਂ ਹਨ। ਅਸੀਂ ਤਾਂ ਆਪਣੇ ਏ. ਸੀ. ਦਫਤਰ ਤੋਂ ਹਿੱਲਣਾ ਨਹੀਂ। ਹੁਣ ਇਹ ਸਮਾਂ ਦੱਸੇਗਾ ਕਿ ਏ. ਸੀ. ਦਫਤਰਾਂ ਦੀ ਹਵਾ ਦੇ ਬੁੱਲੇ ਲੁੱਟ ਰਹੇ ਇਹ ਮੁਲਾਜ਼ਮ ਫੀਲਡ ’ਚ ਪਹੁੰਚਦੇ ਹਨ ਜਾਂ ਆਪਣਾ ਜੁਗਾੜ ਲਾਉਣ ’ਚ ਕਾਮਯਾਬ ਹੋ ਜਾਣਗੇ।
ਇਹ ਵੀ ਪੜ੍ਹੋ : Punjab ਦੇ ਲੱਖਾਂ ਸਮਾਰਟ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਤਾਂ ਨਹੀਂ ਮਿਲੇਗਾ ਮੁਫਤ ਰਾਸ਼ਨ...
ਕਈ ਐਕਸੀਅਨਾਂ ਨੇ ਪੱਕੇ ਤੌਰ ’ਤੇ ਰੱਖੇ ਹਨ ਰੀਡਰ ਟਾਈਪ ਟੈਕਨੀਕਲ ਮੁਲਾਜ਼ਮ
ਮਿਲੀ ਜਾਣਕਾਰੀ ਅਨੁਸਾਰ ਕਈ ਐਕਸੀਅਨਾਂ ਤੱਕ ਕੋਲ ਤਾਂ ਜੇ. ਈ. ਅਤੇ ਹੋਰ ਟੈਕਨੀਕਲ ਮੁਲਾਜ਼ਮ ਪੱਕੇ ਤੌਰ ’ਤੇ ਤਾਇਨਾਤ ਹਨ। ਇਹ ਐਕਸੀਅਨ ਜਾਂ ਹੋਰ ਅਧਿਕਾਰੀ ਇਨ੍ਹਾਂ ਨੂੰ ਰੀਡਰ ਟਾਈਪ ਨਾਲ ਰੱਖਦੇ ਹਨ। ਅਸਲ ’ਚ ਟੈਕਨੀਕਲ ਮੁਲਾਜ਼ਮਾਂ ਨੂੰ ਫੀਲਡ ਦੇ ਭੇਤ ਹੁੰਦੇ ਹਨ ਕਿ ਕਿਸ ਤਰ੍ਹਾਂ ਲੈਣ ਦੇਣ ਕਰਨਾ ਹੈ। ਇਹ ਟੈਕਨੀਕਲ ਕਰਮਚਾਰੀ ਦਫਤਰ ’ਚ ਬੈਠ ਕੇ ਵੱਡਾ ਲੈਣ-ਦੇਣ ਕਰਵਾਉਂਦੇ ਹਨ। ਆਮ ਲੋਕਾਂ ਦੇ ਕੰਮਾਂ ’ਚ ਰੁਕਾਵਟ ਬਣਦੇ ਹਨ। ਇਸ ਲਈ ਹੁਣ ਜੇਕਰ ਇਨ੍ਹਾਂ ਨੂੰ ਨਾ ਬਦਲਿਆ ਗਿਆ ਤਾਂ ਆਉਣ ਵਾਲੇ ਸਮੇਂ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਵੇਗਾ।
ਇਹ ਵੀ ਪੜ੍ਹੋ : ਇੰਤਕਾਲਾਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ, ਪੰਜਾਬ 'ਚ ਜਾਰੀ ਹੋਏ ਨਵੇਂ ਹੁਕਮ
ਦਫਤਰਾਂ ’ਚ ਲੋਕ ਆਪਣੇ ਕੰਮਾਂ ਲਈ ਖਾ ਰਹੇ ਹਨ ਧੱਕੇ
ਪਟਿਆਲਾ ਦੇ ਐਕਸੀਅਨ ਅਤੇ ਕਈ ਹੋਰ ਬਿਜਲੀ ਦਫਤਰਾਂ ’ਚ ਲੋਕ ਆਪਣੇ ਕੰਮਾਂ ਲਈ ਧੱਕੇ ਖਾ ਰਹੇ ਹਨ। ਜਾਇਜ਼ ਕੰਮਾਂ ਦੇ ਵੀ ਪੈਸੇ ਮੰਗੇ ਜਾ ਰਹੇ ਹਨ ਅਤੇ ਲੋਕਾਂ ਦੀ ਜਮ ਕੇ ਖੱਜਲ-ਖੁਆਰੀ ਹੋ ਰਹੀ ਹੈ। ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਆਖ ਰਹੇ ਹਨ ਕਿ ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਇਥੇ ਲੈਣ-ਦੇਣ ਲਈ ਰੱਖੇ ਗੁਰਗੇ ਕਿਸੇ ਦੀ ਚੱਲਣ ਨਹੀਂ ਦੇ ਰਹੇ। ਲੋਕ ਆਪਣੇ ਜਾਇਜ਼ ਕੰਮਾਂ ਲਈ ਧੱਕੇ ਖਾ ਰਹੇ ਹਨ ਅਤੇ ਪਾਵਰਕਾਮ ਮੈਨੇਜਮੈਂਟ ਕੁੰਭਕਰਨੀ ਨੀਂਦ ਸੁੱਤੀ ਪਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e