ਮਲੋਟ ਦੇ ਸੁਪਰ ਬਾਜ਼ਾਰ 'ਚ ਇਲੈਕਟ੍ਰੋਨਿਕ ਦੁਕਾਨ ਨੂੰ ਲੱਗੀ ਭਿਆਨਕ ਅੱਗ

Saturday, Aug 05, 2017 - 01:56 PM (IST)

ਮਲੋਟ (ਜੁਨੇਜਾ, ਤਰਸੇਮ ਢੁੱਡੀ)  ਮਲੋਟ ਦੇ ਮੇਨ ਬਾਜ਼ਾਰ ਵਿਚ ਅੱਜ ਤੜਕੇ ਇਲੈਕਟ੍ਰੋਨਿਕਸ ਦੀ ਇਕ ਦੁਕਾਨ ਨੂੰ ਅੱਗ ਲੱਗ ਗਈ, ਜਿਸ ਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਵੱਲੋਂ ਘੰਟਿਆਂ ਦੀ ਮੁਸ਼ਕਤ ਨਾਲ ਕਾਬੂ ਪਾਇਆ ਪਰ ਦੁਕਾਨ ਅੰਦਰ ਪਿਆ 80 ਲੱਖ ਤੋਂ ਵੱਧ ਦਾ ਸਮਾਨ ਸੜ ਕਿ ਸਵਾਹ ਹੋ ਗਿਆ । 
ਮਲੋਟ ਦੇ ਮੇਨ ਬਾਜ਼ਾਰ ਵਿਚ ਬਿਜਲੀ ਦੇ ਸਮਾਨ ਦੀ ਇਕ ਦੁਕਾਨ ਦਿੱਲੀ ਇਲੈਕਟਰੀਕਲ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਸਮਾਨ ਸੜ ਗਿਆ। ਦੁਕਾਨ ਦੇ ਮਾਲਕਾਂ ਸਤਪਾਲ, ਲਲਿਤ ਕੁਮਾਰ ਅਤੇ ਹਰੀਸ਼ ਕੁਮਾਰ ਨੇ ਦੱਸਿਆ ਕਿ ਕਰੀਬ ਸਾਢੇ ਅੱਠ ਵਜੇ ਉਨ੍ਹਾਂ ਆਪਣੀ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਅੰਦਰੋ ਧੂੰਆਂ ਨਿਕਲ ਰਿਹਾ ਸੀ। ਕੁਝ ਮਿੰਟਾਂ ਵਿਚ ਦੁਕਾਨ ਅੰਦਰ ਭਾਂਬੜ ਬਲ ਗਿਆ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ । ਉਧਰ ਘਟਨਾਂ ਦੀ ਸੂਚਨਾ ਮਿਲਦਿਆਂ ਸਾਰ ਮਲੋਟ ਦੇ ਐੱਸ. ਪੀ. ਦਵਿੰਦਰ ਸਿੰਘ ਬਰਾੜ, ਸਿਟੀ ਮਲੋਟ ਦੇ ਮੁੱਖ ਅਫ਼ਸਰ ਬੂਟਾ ਸਿੰਘ, ਅਡੀਸ਼ਨਲ ਐੱਸ.ਐੱਚ.ਓ ਸੰਤਾ ਸਿੰਘ, ਏ. ਐੱਸ. ਆਈ. ਮਨਿੰਦਰ ਸਿੰਘ, ਜਸਵਿੰਦਰ ਸਿੰਘ ਨੇ ਮੌਕੇ ਤੇ ਪੁੱਜ ਕੇ ਅੱਗ ਬੁਝਾਊ ਮਹਿਕਮੇਂ ਦੀ ਮਦਦ ਕੀਤੀ। 
ਫਾਇਰ ਬ੍ਰਿਗੇਡ ਦੇ ਸਬ ਫਾਇਰ ਅਫ਼ਸਰ ਗੁਰਸ਼ਰਨ ਸਿੰਘ ਬਿੱਟੂ ਨੇ ਦੱਸਿਆ ਕਿ ਅਧਿਕਾਰੀ ਦਵਿੰਦਰ ਸਿੰਘ , ਗੁਰਪਾਲ ਸਿੰਘ ਸਮੇਤ ਟੀਮਾਂ ਨੇ ਮਲੋਟ ਦੀਆਂ ਤਿੰਨ ਗੱਡੀਆਂ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਕਰੀਬ ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਪਾਣੀ ਦੀਆਂ 20 ਗੱਡੀਆਂ ਅਤੇ ਹੋਰ ਸਾਜੋ ਸਮਾਨ ਨਾਲ ਅੱਗ ਤੇ ਕਾਬੂ ਪਾਇਆ। ਇਸ ਘਟਨਾਂ ਵਿਚ ਦਿੱਲੀ ਇਲੈਕਟਰੀਕਲ ਦੀ ਤਿੰਨ ਮੰਜਿਲਾਂ ਇਮਰਾਤ ਪੂਰੀ ਤਰਾਂ ਨਸ਼ਟ ਹੋ ਗਈ ਅਤੇ ਦੁਕਾਨ 'ਚ ਪਿਆ 80 ਲੱਖ ਤੋਂ ਵੱਧ ਦਾ ਸਮਾਨ ਸੜ ਗਿਆ ਪਰ ਫਾਇਰ ਬ੍ਰਿਗੇਡ ਵੱਲੋਂ ਕੀਤੀ ਕੋਸ਼ਿਸ਼ ਨਾਲ ਸਾਹਮਣੇ ਕੱਪੜੇ ਦੀ ਦੁਕਾਨ ਅਤੇ ਬਾਜ਼ਾਰ ਦੀਆਂ ਕਈ ਹੋਰ ਦੁਕਾਨਾਂ ਸੜਨੋ ਬਚਾ ਲਈਆਂ ਗਈਆਂ। ਉਧਰ ਘਟਨਾਂ ਦਾ ਪਤਾ ਲੱਗਣ ਸਾਰ ਡਿਪਟੀ ਸਪੀਕਰ ਅਤੇ ਮਲੋਟ ਦੇ ਵਿਧਾਇਕ ਅਜੈਬ ਸਿੰਘ ਭੱਟੀ ਦੇ ਸਪੁੱਤਰ ਗੁਰਅਮਨਪ੍ਰੀਤ ਸਿੰਘ ਭੱਟੀ ਨੇ ਮੌਕੇ ਤੇ ਪੁੱਜ ਕਿ ਦੁਕਾਨਦਾਰ ਨਾਲ ਹਮਦਰਦੀ ਪ੍ਰਗਟ ਕੀਤੀ ।


Related News