ਬਿਜਲੀ ਕਾਮੇ ਕਾਲੇ ਚੋਲੇ ਪਾ ਕੇ ਮੁੱਖ ਦਫਤਰ ਸਾਹਮਣੇ ਕਰਨਗੇ ਮੁਜ਼ਾਹਰਾ

Thursday, Feb 15, 2018 - 12:11 PM (IST)

ਬਿਜਲੀ ਕਾਮੇ ਕਾਲੇ ਚੋਲੇ ਪਾ ਕੇ ਮੁੱਖ ਦਫਤਰ ਸਾਹਮਣੇ ਕਰਨਗੇ ਮੁਜ਼ਾਹਰਾ

ਪਟਿਆਲਾ (ਜੋਸਨ)-ਪੰਜਾਬ ਸਰਕਾਰ ਵੱਲੋਂ ਰੋਪੜ ਅਤੇ ਬਠਿੰਡਾ ਥਰਮਲ ਪਲਾਂਟ ਦੇ 2 ਯੂਨਿਟ ਪੱਕੇ ਤੌਰ 'ਤੇ ਬੰਦ ਕਰਨ ਅਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਸਬੰਧਤ ਜਥੇਬਦੀਆਂ, ਪੀ. ਐੈੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ, ਕੇਸਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈੱਡਰੇਸ਼ਨ ਚਾਹਲ, ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈੱਡਰੇਸ਼ਨ ਪਾਵਰਕਾਮ ਤੇ ਟਰਾਂਸਕੋ ਨੇ ਐਲਾਨ ਕੀਤਾ ਕਿ ਬਿਜਲੀ ਕਾਮੇ 21 ਫਰਵਰੀ ਨੂੰ ਮੁੱਖ ਦਫਤਰ ਪਟਿਆਲਾ ਸਾਹਮਣੇ ਕਾਲੇ ਚੋਲੇ ਪਾ ਕੇ ਵਿਖਾਵਾ ਕਰਨਗੇ। ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ, ਮਹਿੰਦਰ ਸਿੰਘ ਤੇ ਜਰਨੈਲ ਸਿੰਘ ਚੀਮਾ ਨੇ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਜਥੇਬੰਦੀਆਂ ਦਾ 18 ਨਵੰਬਰ ਨੂੰ ਸਮਝੌਤਾ ਹੋਇਆ ਸੀ। ਇਸ ਦੌਰਾਨ ਮੁਲਾਜ਼ਮਾਂ ਦੇ ਮਸਲੇ ਇਕ ਮਹੀਨੇ ਵਿਚ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ। ਹੁਣ 4 ਮਹੀਨੇ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ। ਇਸ ਕਾਰਨ ਉਨ੍ਹਾਂ 'ਚ ਭਾਰੀ ਰੋਹ ਹੈ। 
ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮੈਮੋਰੰਡਮ ਦਿੱਤੇ ਜਾਣਗੇ। ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਬਿਜਲੀ ਕਾਮੇ ਚੰਡੀਗੜ੍ਹ ਵਿਖੇ ਵਿਸ਼ਾਲ ਰੋਹ ਭਰਪੂਰ ਪ੍ਰਦਰਸ਼ਨ ਕਰਨਗੇ।
ਪ੍ਰਬੰਧਕੀ ਡਾਇਰੈਕਟਰ ਨੇ ਦਿੱਤਾ ਮੰਗਾਂ ਮੰਨਣ ਦਾ ਭਰੋਸਾ
ਇਸ ਸਬੰਧੀ ਜਥੇਬੰਦੀਆਂ ਦਾ ਵਫਦ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ ਨੂੰ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਦੇ 1.12.11. ਤੋਂ ਪੰਜਾਬ ਸਰਕਾਰ ਦੀ ਤਰਜ਼ 'ਤੇ ਪੇ-ਬੈਂਡ ਦਾ ਮਸਲਾ ਲਮਕਿਆ ਪਿਆ ਹੈ, ਸਮੁੱਚੇ ਬਿਜਲੀ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ 23 ਸਾਲਾ ਪ੍ਰਮੋਸ਼ਨ ਸਕੇਲ ਦਿੱਤਾ ਜਾਵੇ। ਓ. ਸੀ. ਤੋਂ ਆਰ. ਟੀ. ਐੈੱਮ. ਅਤੇ ਵਰਕਚਾਰਜ ਤੋਂ ਸਹਾਇਕ ਲਾਇਨਮੈਨ ਕਾਮੇ ਪਦਉੱਨਤ ਕੀਤੇ ਜਾਣ, ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੂੰ ਨੌਕਰੀ ਜਲਦੀ ਦਿੱਤੀ ਜਾਵੇ। 2011 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਬਿਜਲੀ ਕੁਨੈਕਸ਼ਨ ਵਿਚ ਰੈਗੂਲਰ ਮੁਲਾਜ਼ਮਾਂ ਵਾਂਗ ਰਿਆਇਤ ਦਿੱਤੀ ਜਾਵੇ ਅਤੇ ਬਾਕੀ ਮੰਗਾਂ ਮੰਗ ਪੱਤਰ ਅਨੁਸਾਰ ਹੱਲ ਕੀਤੀਆਂ ਜਾਣ। ਸ਼੍ਰੀ ਪਾਂਡਵ ਨੇ ਵਫਦ ਨੂੰ ਜਲਦੀ ਮੀਟਿੰਗ ਦੇ ਕੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ।  ਵਫਦ ਵਿਚ ਜਥੇਬੰਦੀ ਦੇ ਸੂਬਾਈ ਆਗੂ ਹਰਭਜਨ ਸਿੰਘ ਪਿਲਖਣੀ, ਮਨਜੀਤ ਸਿੰਘ ਚਾਹਲ, ਮਹਿੰਦਰ ਸਿੰਘ ਲਹਿਰਾ, ਨਰਿੰਦਰ ਸਿੰਘ ਸੈਣੀ, ਪੂਰਨ ਸਿੰਘ ਖਾਈ, ਆਰ. ਕੇ. ਤਿਵਾੜੀ, ਕਮਲ ਪਟਿਆਲਾ ਅਤੇ ਬਿਜਲੀ ਨਿਗਮ ਦੇ ਉਪ ਸਕੱਤਰ ਆਈ. ਆਰ. ਬੀ. ਐੈੱਸ. ਗੁਰਮ ਮੌਜੂਦ ਸਨ।  


Related News