ਜਲੰਧਰ, ਲੁਧਿਆਣਾ, ਫਾਜ਼ਿਲਕਾ ਅਤੇ ਬਠਿੰਡਾ ਰੂਟ ''ਤੇ ਸਰਪਟ ਦੌੜਨਗੀਆਂ ਬਿਜਲੀ ਦੀਆਂ ਟਰੇਨਾਂ

Thursday, Feb 08, 2018 - 06:59 AM (IST)

ਜਲੰਧਰ, ਲੁਧਿਆਣਾ, ਫਾਜ਼ਿਲਕਾ ਅਤੇ ਬਠਿੰਡਾ ਰੂਟ ''ਤੇ ਸਰਪਟ ਦੌੜਨਗੀਆਂ ਬਿਜਲੀ ਦੀਆਂ ਟਰੇਨਾਂ

ਫਿਰੋਜ਼ਪੁਰ (ਆਨੰਦ) - ਹੁਣ ਜਲਦ ਹੀ ਫਿਰੋਜ਼ਪੁਰ ਤੋਂ ਲੁਧਿਆਣਾ, ਜਲੰਧਰ, ਬਠਿੰਡਾ ਅਤੇ ਫਾਜ਼ਿਲਕਾ ਰੂਟ 'ਤੇ ਬਿਜਲੀ ਨਾਲ ਚੱਲਣ ਵਾਲੀਆਂ ਇਲੈਕਟ੍ਰੋਨਿਕ ਟਰੇਨਾਂ ਸਰਪਟ ਦੌੜਦੀਆਂ ਹੋਈਆਂ ਨਜ਼ਰ ਆਉਣਗੀਆਂ ਅਤੇ ਹੁਸੈਨੀਵਾਲਾ ਵੀ ਪੰਜਾਬ ਸਮੇਤ ਹੋਰ ਸੂਬਿਆਂ ਨਾਲ ਰੇਲ ਨੈੱਟਵਰਕ ਨਾਲ ਜੋੜਿਆ ਜਾਵੇਗਾ। ਇਸ ਲਈ ਥੋੜ੍ਹਾ ਸਮਾਂ ਤਾਂ ਲੱਗ ਸਕਦਾ ਹੈ ਪਰ ਇਸ ਵੱਡੇ ਅਤੇ ਅਹਿਮ ਪ੍ਰਾਜੈਕਟ 'ਤੇ ਕੇਂਦਰੀ ਰੇਲ ਮੰਤਰਾਲਾ ਨੇ ਬਜਟ 'ਚ ਮੋਹਰ ਲੱਗਾ ਦਿੱਤੀ ਹੈ। ਇਸ ਯੋਜਨਾ ਦੇ ਤਹਿਤ ਕਰੀਬ 301 ਕਿਲੋਮੀਟਰ ਦੀ ਦੂਰੀ ਵਾਲੇ ਫਿਰੋਜ਼ਪੁਰ ਤੋਂ ਜਲੰਧਰ ਸਿਟੀ ਤੱਕ ਵਾਇਆ ਲੋਹੀਆਂ ਖਾਸ, ਨਕੋਦਰ, ਫਿਲੌਰ ਤੱਕ ਇਲੈਕਟ੍ਰੀਫਿਕੇਸ਼ਨ ਦਾ ਕੰਮ ਕੀਤਾ ਜਾਵੇਗਾ, ਜਿਸ 'ਤੇ ਰੇਲਵੇ ਵੱਲੋਂ ਜਿਥੇ ਕਰੀਬ 223 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਯੋਜਨਾ ਹੈ, ਉਥੇ ਕਰੀਬ 339 ਕਿਲੋਮੀਟਰ ਦੀ ਦੂਰੀ ਵਾਲੇ ਲੁਧਿਆਣਾ ਤੋਂ ਫਿਰੋਜ਼ਪੁਰ ਸ਼ਹਿਰ ਤੇ ਹੁਸੈਨੀਵਾਲਾ ਤੱਕ ਅਤੇ ਫਾਜ਼ਿਲਕਾ ਤੋਂ ਅਬੋਹਰ, ਕੋਟਕਪੂਰਾ-ਫਾਜ਼ਿਲਕਾ ਰੇਲ ਖੰਡ 'ਤੇ ਵੀ ਇਲੈਕਟ੍ਰੀਫਿਕੇਸ਼ਨ ਦਾ ਕੰਮ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਜਲਦ ਹੀ ਹੁਸੈਨੀਵਾਲਾ ਤੱਕ ਪਹੁੰਚ ਆਸਾਨ ਹੋ ਜਾਵੇਗੀ ਅਤੇ ਹੁਸੈਨੀਵਾਲਾ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਨਾਲ ਆਸਾਨੀ ਨਾਲ ਜੁੜ ਜਾਵੇਗਾ, ਜਿਸ 'ਤੇ ਰੇਲਵੇ ਵੱਲੋਂ ਕੁਲ 235 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਜਾਵੇਗਾ।


Related News