ਪੰਜਾਬ ''ਚ ਭਰਵੀਂ ਬਰਸਾਤ ਮਗਰੋਂ ਬਿਜਲੀ ਦੀ ਮੰਗ 800 ਲੱਖ ਯੂਨਿਟ ਘਟੀ

06/29/2017 6:50:35 AM

ਪਟਿਆਲਾ  (ਪਰਮੀਤ) - ਪੰਜਾਬ ਵਿਚ ਦੂਰ-ਦੂਰ ਤੱਕ ਭਰਵੀਂ ਬਰਸਾਤ ਹੋਣ ਮਗਰੋਂ ਬਿਜਲੀ ਦੀ ਮੰਗ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਜਿਹੜੀ ਮੰਗ 2 ਦਿਨ ਪਹਿਲਾਂ 10500 ਮੈਗਾਵਾਟ ਭਾਵ 2520 ਲੱਖ ਯੂਨਿਟ 'ਤੇ ਚੱਲ ਰਹੀ ਸੀ, ਅੱਜ ਉਹ ਘਟ ਕੇ 7383 ਮੈਗਾਵਾਟ (1771 ਲੱਖ ਯੂਨਿਟ) ਦੇ ਕਰੀਬ ਰਹਿ ਗਈ।  ਬਦਲੇ ਹਾਲਾਤ ਵਿਚ ਪਾਵਰਕਾਮ ਨੇ ਆਪਣਾ ਬਠਿੰਡਾ ਪਲਾਂਟ ਮੁਕੰਮਲ ਬੰਦ ਕਰ ਦਿੱਤਾ ਹੈ। ਮੌਸਮ ਵਿਗਿਆਨੀਆਂ ਵੱਲੋਂ ਭਾਵੇਂ ਮੌਨਸੂਨ ਦੇ 3 ਦਿਨ ਬਾਅਦ ਪੰਜਾਬ ਤੇ ਹਰਿਆਣਾ ਵਿਚ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਮੌਨਸੂਨ ਦੀ ਆਮਦ ਤੋਂ ਪਹਿਲਾਂ ਅੱਜ ਹੋਈ ਬਰਸਾਤ ਦੀ ਬਦੌਲਤ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਪਾਵਰਕਾਮ ਨੂੰ ਵੱਡੀ ਰਾਹਤ ਮਿਲੀ ਹੈ। ਬੇਸ਼ੱਕ ਪਾਵਰਕਾਮ ਕੋਲ ਇਸ ਵੇਲੇ ਮੰਗ ਦੇ ਮੁਕਾਬਲੇ ਬਿਜਲੀ ਸਰਪਲੱਸ ਹੈ ਪਰ ਬਰਸਾਤ ਹੋਣ ਦੀ ਬਦੌਲਤ ਝੋਨੇ ਦੇ ਸੀਜ਼ਨ ਵਿਚ ਬਣਦਾ ਦਬਾਅ ਘਟ ਜਾਂਦਾ ਹੈ।  ਇਸ ਵੇਲੇ ਪਾਵਰਕਾਮ ਦੇ ਆਪਣੇ 3 ਸਰਕਾਰੀ ਥਰਮਲਾਂ ਪਲਾਂਟਾਂ ਦੇ 14 ਵਿਚੋਂ ਸਿਰਫ 2 ਯੂਨਿਟ ਚੱਲ ਰਹੇ ਹਨ ਜਿਨ੍ਹਾਂ ਵਿਚ ਇਕ ਰੋਪੜ ਸਥਿਤ ਗੁਰੂ ਗੋਬਿੰਦ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ 2 ਅਤੇ ਲਹਿਰਾ ਮੁਹੱਬਤ ਪਲਾਂਟ ਦਾ ਯੂਨਿਟ ਨੰਬਰ 3 ਸ਼ਾਮਲ ਹੈ।
ਇਸੇ ਤਰ੍ਹਾਂ ਪਾਵਰਕਾਮ ਨੇ ਪ੍ਰਾਈਵੇਟ ਪਲਾਂਟਾਂ ਨੂੰ ਵੀ ਆਪਣਾ ਲੋਡ ਅੱਧਾ ਕਰਨ ਵਾਸਤੇ ਹਦਾਇਤ ਕੀਤੀ ਹੈ। ਇਸ ਮਗਰੋਂ ਰਾਜਪੁਰਾ ਪਲਾਂਟ ਦੇ ਦੋਵੇਂ 700-700 ਮੈਗਾਵਾਟ ਦੇ ਯੂਨਿਟ ਤਕਰੀਬਨ 330-330 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ। ਤਲਵੰਡੀ ਸਾਬੋ ਦੇ ਤਿੰਨੇ 660 ਮੈਗਾਵਾਟ ਸਮਰੱਥਾ ਹਰੇਕ ਵਾਲੇ ਯੂਨਿਟ 300-300 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਗੋਇੰਦਵਾਲ ਸਾਹਿਬ ਸਥਿਤ ਪ੍ਰਾਈਵੇਟ ਪਲਾਂਟ ਦਾ ਇਕਲੌਤਾ ਚਾਲੂ ਯੂਨਿਟ ਜੋ 540 ਮੈਗਾਵਾਟ ਸਮਰੱਥਾ ਦਾ ਹੈ, ਇਸ ਵੇਲੇ 200 ਮੈਗਾਵਾਟ ਤੋਂ ਵੀ ਘੱਟ ਬਿਜਲੀ ਪੈਦਾ ਕਰ ਰਿਹਾ ਹੈ। ਬਰਸਾਤ ਦਾ ਮੌਸਮ ਇਸੇ ਤਰ੍ਹਾਂ ਬਰਕਰਾਰ ਰਹਿਣ ਨਾਲ ਪਾਵਰਕਾਮ ਤੇ ਪੰਜਾਬ ਦੇ ਕਿਸਾਨ ਦੋਵਾਂ ਲਈ ਹਾਲਾਤ ਲਾਹੇਵੰਦ ਰਹਿਣਗੇ।


Related News