ਕਿਤਾਬਾਂ ਨਾ ਮਿਲਣ 'ਤੇ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ ਵਿਦਿਆਰਥੀ, ਬੋਰਡ ਤੋਂ 14 ਲੱਖ ਤੋਂ ਵੱਧ ਕਿਤਾਬਾਂ ਦੀ ਕੀਤੀ ਮੰਗ

05/30/2024 11:44:34 AM

ਅੰਮ੍ਰਿਤਸਰ(ਦਲਜੀਤ)-ਗਰਮੀਆਂ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਐਲਾਨੀਆਂ ਸਕੂਲਾਂ ਦੀਆਂ ਛੁੱਟੀਆਂ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਬਹੁਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਮੁਹੱਈਆ ਨਹੀਂ ਕਰਵਾ ਸਕਿਆ ਹੈ। ਵਿਭਾਗ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ 14 ਲੱਖ 87 ਹਜ਼ਾਰ 259 ਕਿਤਾਬਾਂ ਮੁਹੱਈਆ ਕਰਵਾਉਣ ਲਈ ਬੋਰਡ ਤੋਂ ਮੰਗ ਕੀਤੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਬੋਰਡ ਸਿਰਫ਼ 13 ਲੱਖ 7 ਹਜ਼ਾਰ 933 ਕਿਤਾਬਾਂ ਹੀ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਹੱਥਾਂ ਵਿਚ ਪਹੁੰਚਾ ਸਕਿਆ ਹੈ। ਸਥਿਤੀ ਇਹ ਹੈ ਕਿ ਬੋਰਡ ਦੇ ਸਥਾਨਕ ਦਫ਼ਤਰ ਵਿਚ ਕਿਤਾਬਾਂ ਦੇ ਢੇਰ ਲੱਗੇ ਹੋਏ ਹਨ ਅਤੇ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਕਿਤਾਬਾਂ ਨਾ ਮਿਲਣ ਕਾਰਨ ਉਹ ਹੁਣ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ। ਉਥੇ 21 ਮਈ ਤੋਂ ਸਰਕਾਰੀ ਅਡਿਡ ਅਤੇ ਪ੍ਰਾਈਵੇਟ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਹੁਣ ਇਹ ਕਿਤਾਬਾਂ ਜੁਲਾਈ ਮਹੀਨੇ ਵਿਚ ਹੀ ਬੱਚਿਆਂ ਦੇ ਹੱਥਾਂ ਵਿਚ ਪੁੱਜਣਗੀਆਂ।

ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਸੈਸ਼ਨ ਸ਼ੁਰੂ ਹੁੰਦੇ ਹੀ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਪਰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਜੇ ਤੱਕ ਸਕੂਲਾਂ ਵਿਚ ਕਿਤਾਬਾਂ ਨਹੀਂ ਪੁੱਜੀਆਂ ਹਨ, ਜਿਨ੍ਹਾਂ ਵਿਦਿਆਰਥੀਆਂ ਨੂੰ ਕਿਤਾਬਾਂ ਨਹੀਂ ਮਿਲੀਆਂ ਉਹ ਬਿਨਾਂ ਕਿਤਾਬਾਂ ਤੋਂ ਛੁੱਟੀਆਂ ਕੱਟ ਰਹੇ ਹਨ ਅਤੇ ਬਿਨਾਂ ਪੜ੍ਹਾਈ ਕੀਤੇ ਕੰਮ ਕਰ ਰਹੇ ਹਨ। ਦੂਜੇ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਤੱਕ ਕਿਤਾਬਾਂ ਪਹੁੰਚਾਉਣ ਦਾ ਦਾਅਵਾ ਕੀਤਾ ਸੀ ਪਰ ਹਾਲਾਤ ਇਹ ਬਣ ਗਏ ਹਨ ਕਿ ਵਿਦਿਆਰਥੀਆਂ ਦੀ ਮੰਗ ਦੇ ਬਾਵਜੂਦ 1 ਲੱਖ 79 ਹਜ਼ਾਰ 326 ਕਿਤਾਬਾਂ ਪਹੁੰਚ ਤੋਂ ਬਾਹਰ ਰਹਿ ਗਈਆਂ ਹਨ। ਅੰਮ੍ਰਿਤਸਰ ਜ਼ਿਲੇ ਵਿਚ ਕੁੱਲ 15 ਬਲਾਕ ਹਨ, ਜਿਨ੍ਹਾਂ ਵਿਚ ਕੁੱਲ ਪ੍ਰਾਇਮਰੀ ਸਕੂਲ 827, ਸੈਕੰਡਰੀ ਸਕੂਲ 419 ਹਨ। ਇਸ ਤੋਂ ਇਲਾਵਾ ਅਡਿਡ ਸਕੂਲਾਂ ਦੀ ਗਿਣਤੀ 39 ਦੇ ਕਰੀਬ ਹੈ। ਇਨ੍ਹਾਂ ਸਕੂਲਾਂ ਵਿਚ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ, ਜਿਨ੍ਹਾਂ ਨੂੰ ਸਰਕਾਰੀ ਕਿਤਾਬਾਂ ਤੋਂ ਹੀ ਪੜ੍ਹਾਈ ਕਰਨੀ ਪੈਂਦੀ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਬੋਰਡ ਦੇ ਸੀਨੀਅਰ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਪਾਰੀਆਂ ਦੀ ਮੀਟਿੰਗ ਦੌਰਾਨ ਗਰਜ਼ੇ CM ਕੇਜਰੀਵਾਲ-ਜੇਕਰ 13 MP ਦਿਓਗੇ ਤਾਂ ਮਸਲੇ ਹੱਲ ਹੋਣਗੇ

ਬਹੁਤੇ ਸਕੂਲਾਂ ਵਿਚ ਨਹੀਂ ਪਹੁੰਚੀਆਂ ਕਿਤਾਬਾਂ

ਡੈਮੋਕ੍ਰੇਟਿਕ ਟੀਚਰ ਫਰੰਟ ਦੇ ਮੁਖੀ ਅਸ਼ਵਨੀ ਅਵਸਥੀ ਨੇ ਕਿਹਾ ਕਿ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਸਕੂਲਾਂ ਵਿਚ ਕਿਤਾਬਾਂ ਨਹੀਂ ਪੁੱਜੀਆਂ ਹਨ। ਗਰਮੀਆਂ ਦੀਆਂ ਛੁੱਟੀਆਂ ਅਚਾਨਕ ਸ਼ੁਰੂ ਹੋ ਗਈਆਂ ਹਨ ਅਤੇ ਕਿਤਾਬਾਂ ਨਾ ਮਿਲਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਵਿਭਾਗ ਨੂੰ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਜੋ ਕਿਤਾਬਾਂ ਵਿਚ ਦੇਰੀ ਲਈ ਜ਼ਿੰਮੇਵਾਰ ਹਨ।

ਵਿਭਾਗ ਵਲੋਂ ਹੁਣ ਤੱਕ ਪ੍ਰਾਪਤ ਹੋਈਆਂ ਕਿਤਾਬਾਂ ਦੀ ਮੰਗ

ਅੰਮ੍ਰਿਤਸਰ-1 151408 170551

ਅੰਮ੍ਰਿਤਸਰ-2 172809 185405

ਅੰਮ੍ਰਿਤਸਰ-3 52812 58946

ਅੰਮ੍ਰਿਤਸਰ-4 157334 186957

ਚੋਗਾਵਾਂ-1 81742 87002

ਚੋਗਾਵਾਂ-2 62017 76617

ਜੰਡਿਆਲਾ ਗੁਰੂ 85728 91905

ਮਜੀਠਾ-1 59880 75142

ਮਜੀਠਾ-2 38562 42043

ਰਈਆ-1 74138 76576

ਰਈਆ-2 48553 57005

ਤਰਸਿੱਕਾ 42188 44062

ਵੇਰਕਾ 155804 183174

ਅਜਨਾਲਾ-1 57932 63437

ਅਜਨਾਲਾ-2 67566 75401

ਕੁੱਲ 1307933 1487259

ਇਹ ਵੀ ਪੜ੍ਹੋ- ਦਿਨ-ਦਿਹਾੜੇ ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਕਾਰ ਸਵਾਰ 'ਤੇ ਨੌਜਵਾਨਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਹੁਣ ਤੱਕ ਪ੍ਰਾਪਤ ਹੋਈਆਂ ਕਿਤਾਬਾਂ ਸਕੂਲਾਂ ਨੂੰ ਭੇਜ ਦਿੱਤੀਆਂ ਹਨ : ਰਾਜੇਸ਼ ਕੁਮਾਰ

ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੋਰਡ ਵੱਲੋਂ ਲੋੜ ਅਨੁਸਾਰ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਇਨ੍ਹਾਂ ਨੂੰ ਸਬੰਧਤ ਸਕੂਲਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਹਨ। ਅਧਿਆਪਕਾਂ ਨੂੰ ਬੱਚਿਆਂ ਦੀਆਂ ਕਿਤਾਬਾਂ ਨਿਰਧਾਰਤ ਸਕੂਲ ਤੋਂ ਲੈਣ ਲਈ ਕਿਹਾ ਜਾ ਰਿਹਾ ਹੈ। ਹੁਣ ਤੱਕ ਪ੍ਰਾਪਤ ਹੋਈਆਂ ਸਾਰੀਆਂ ਕਿਤਾਬਾਂ ਸਕੂਲਾਂ ਨੂੰ ਭੇਜ ਦਿੱਤੀਆਂ ਗਈਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News