ਭਿਆਨਕ ਗਰਮੀ ਨਾਲ ਡੀਜ਼ਲ ਦੀ ਮੰਗ ਘਟੀ, ਜੂਨ ’ਚ ਵਿਕਰੀ ’ਚ 4 ਫੀਸਦੀ ਦੀ ਗਿਰਾਵਟ

Tuesday, Jun 18, 2024 - 12:12 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਕੁਝ ਹਿੱਸਿਆਂ ’ਚ ਭਿਆਨਕ ਗਰਮੀ ਕਾਰਨ ਯਾਤਰਾ ’ਚ ਕਮੀ ਆਉਣ ਨਾਲ ਜੂਨ ’ਚ ਡੀਜ਼ਲ ਦੀ ਮੰਗ ’ਚ ਗਿਰਾਵਟ ਅਾਈ ਹੈ। ਈਂਧਨ ਦੀ ਵਿਕਰੀ, ਜੋ ਰਵਾਇਤੀ ਤੌਰ ’ਤੇ ਚੋਣਾਂ ਦੌਰਾਨ ਵਧ ਜਾਂਦੀ ਹੈ, ਇਸ ਸਾਲ ਰੁਝਾਨ ਦੇ ਉਲਟ ਰਹੀ ਹੈ ਅਤੇ ਮਹੀਨਾਵਾਰ ਆਧਾਰ ’ਤੇ ਇਸ ਵਿਚ ਗਿਰਾਵਟ ਆ ਰਹੀ ਹੈ। ਇਹ ਗਿਰਾਵਟ ਹੁਣ ਆਮ ਚੋਣਾਂ ਦੇ ਖਤਮ ਹੋਣ ਤੋਂ ਬਾਅਦ ਵੀ ਜਾਰੀ ਹੈ।

ਡੀਜ਼ਲ ਦੀ ਵਿਕਰੀ ’ਚ 1 ਤੋਂ 15 ਜੂਨ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 3.9 ਫੀਸਦੀ ਦੀ ਗਿਰਾਵਟ ਅਾਈ ਹੈ ਅਤੇ ਇਹ 39.5 ਲੱਖ ਟਨ ਰਹਿ ਗਈ ਹੈ। ਦੇਸ਼ ’ਚ ਸਭ ਤੋਂ ਜ਼ਿਅਾਦਾ ਖਪਤ ਵਾਲੇ ਈਂਧਨ ਦੀ ਮੰਗ ’ਚ ਅਪ੍ਰੈਲ ’ਚ 2.3 ਫੀਸਦੀ ਅਤੇ ਮਾਰਚ ’ਚ 2.7 ਫੀਸਦੀ ਦੀ ਗਿਰਾਵਟ ਅਾਈ ਸੀ। ਮਈ ’ਚ ਇਸ ’ਚ 1.1 ਫੀਸਦੀ ਦੀ ਗਿਰਾਵਟ ਆਈ ਸੀ।

ਵਧਣੀ ਚਾਹੀਦੀ ਸੀ ਈਂਧਨ ਦੀ ਖਪਤ

ਚੋਣ ਪ੍ਰਚਾਰ ਤੋਂ ਇਲਾਵਾ, ਗਰਮੀ ਦੀ ਫਸਲ ਵਾਢੀ ਦੇ ਮੌਸਮ ਅਤੇ ਤੇਜ਼ ਗਰਮੀ ਕਾਰਨ ਕਾਰਾਂ ’ਚ ਏਅਰ ਕੰਡੀਸ਼ਨਿੰਗ ਦੀ ਮੰਗ ਵਧਦੀ ਜਾਂਦੀ ਹੈ, ਜਿਸ ਨਾਲ ਈਂਧਨ ਦੀ ਖਪਤ ਵਧਣੀ ਚਾਹੀਦੀ ਸੀ। ਹਾਲਾਂਕਿ ਇਸ ਸਾਲ ਇਹ ਰੁਝਾਨ ਉਲਟ ਗਿਅਾ ਹੈ।

ਪੈਟਰੋਲ ਅਤੇ ਡੀਜ਼ਲ ਦੀਅਾਂ ਕੀਮਤਾਂ ’ਚ ਮਾਰਚ ਦੇ ਮੱਧ ’ਚ 2 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ, ਜਿਸ ਕਾਰਨ ਦਰਾਂ ’ਚ ਸੋਧ ਦਾ ਲੱਗਭਗ ਦੋ ਸਾਲਾਂ ਦਾ ਲੰਬਾ ਵਕਫਾ ਖਤਮ ਹੋ ਗਿਆ, ਜਿਸ ਨਾਲ ਵਿਕਰੀ ’ਚ ਵੀ ਤੇਜ਼ੀ ਆਉਣੀ ਚਾਹੀਦੀ ਸੀ।

ਪੈਟਰੋਲ ਦੀ ਵਿਕਰੀ ’ਚ ਵੀ ਗਿਰਾਵਟ

ਪੈਟਰੋਲ ਦੀ ਵਿਕਰੀ 1 ਤੋਂ 15 ਮਈ ਦੌਰਾਨ 14.7 ਲੱਖ ਟਨ ਖਪਤ ਦੇ ਮੁਕਾਬਲੇ ਮਹੀਨਾਵਾਰ ਅਾਧਾਰ ’ਤੇ 3.6 ਫੀਸਦੀ ਦੀ ਗਿਰਾਵਟ ਅਾਈ। ਮਈ ਦੇ ਪਹਿਲੇ ਪੰਦਰਵਾੜੇ ’ਚ 35.4 ਲੱਖ ਟਨ ਦੇ ਮੁਕਾਬਲੇ ਡੀਜ਼ਲ ਦੀ ਮੰਗ ਮਹੀਨਾਵਾਰ ਅਾਧਾਰ ’ਤੇ ਸਥਿਰ ਰਹੀ। ਡੀਜ਼ਲ ਭਾਰਤ ’ਚ ਸਭ ਤੋਂ ਵੱਧ ਖਪਤ ਵਾਲਾ ਈਂਧਨ ਹੈ, ਜੋ ਸਾਰੇ ਪੈਟਰੋਲੀਅਮ ਉਤਪਾਦਾਂ ਦੀ ਖਪਤ ਦਾ ਲੱਗਭਗ 40 ਫੀਸਦੀ ਹੈ। ਦੇਸ਼ ’ਚ ਕੁੱਲ ਡੀਜ਼ਲ ਦੀ ਵਿਕਰੀ ’ਚ ਅਾਵਾਜਾਈ ਖੇਤਰ ਦੀ ਹਿੱਸੇਦਾਰੀ 70 ਫੀਸਦੀ ਹੈ। ਇਹ ਹਾਰਵੈਸਟਰ ਅਤੇ ਟ੍ਰੈਕਟਰ ਸਮੇਤ ਖੇਤੀਬਾੜੀ ਖੇਤਰਾਂ ’ਚ ਵਰਤੋਂ ਕੀਤਾ ਜਾਣ ਵਾਲਾ ਪ੍ਰਮੁੱਖ ਈਂਧਨ ਹੈ।

ਹਵਾਬਾਜ਼ੀ ਈਂਧਨ ਦੀ ਮੰਗ 1 ਤੋਂ 15 ਜੂਨ 2024 ਤੱਕ ਸਾਲਾਨਾ ਅਾਧਾਰ ’ਤੇ 2.3 ਫੀਸਦੀ ਵਧ ਕੇ 3,31,000 ਟਨ ਹੋ ਗਈ। ਰਸੋਈ ਗੈਸ ਐੱਲ. ਪੀ. ਜੀ. ਦੀ ਮੰਗ 1 ਤੋਂ 15 ਜੂਨ ਦੌਰਾਨ ਦੀ ਸਾਲਾਨਾ ਅਾਧਾਰ ’ਤੇ 0.1 ਫੀਸਦੀ ਵਧ ਕੇ 12.4 ਲੱਖ ਟਨ ਹੋ ਗਈ।

 


Harinder Kaur

Content Editor

Related News