ਬਿਜਲੀ ਦੀ ਮੰਗ ''ਚ ਗਿਰਾਵਟ ਕਾਰਨ ਲਹਿਰਾ ਮੁਹੱਬਤ ਪਲਾਂਟ ਦੇ 2 ਯੂਨਿਟ ਕੀਤੇ ਬੰਦ

Monday, Jun 11, 2018 - 03:59 AM (IST)

ਪਟਿਆਲਾ (ਪਰਮੀਤ) - ਪੰਜਾਬ ਵਿਚ ਮੌਸਮ 'ਚ ਆਈ ਤਬਦੀਲੀ ਦੀ ਬਦੌਲਤ ਤੇ ਛੁੱਟੀਆਂ ਦੇ ਦਿਨਾਂ ਕਾਰਨ ਬਿਜਲੀ ਦੀ ਮੰਗ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਬਿਜਲੀ ਦੀ ਜੋ ਮੰਗ 2 ਦਿਨ ਪਹਿਲਾਂ 1950 ਲੱਖ ਯੂਨਿਟ ਤੱਕ ਪਹੁੰਚ ਗਈ ਸੀ, ਉਹ ਅੱਜ 1525 ਲੱਖ ਯੁਨਿਟ 'ਤੇ ਰਹਿ ਗਈ। ਇਸ ਦੀ ਬਦੌਲਤ ਲਹਿਰਾ ਮੁਹੱਬਤ ਸਥਿਤ ਪਲਾਂਟ ਦੇ 2 ਯੂਨਿਟ ਬੰਦ ਕਰ ਦਿੱਤੇ ਗਏ ਹਨ। ਗੋਇੰਦਵਾਲ ਸਾਹਿਬ ਪਲਾਂਟ ਦਾ ਇਕ ਯੂਨਿਟ ਚਾਲੂ ਕੀਤਾ ਗਿਆ ਹੈ। ਬਿਜਲੀ ਦੀ ਮੰਗ ਵਿਚ ਗਿਰਾਵਟ ਕਾਰਨ ਇਸ ਵੇਲੇ ਰਾਜ ਦੇ ਥਰਮਲ ਪਲਾਂਟਾਂ ਦੇ ਜਿੰਨੇ ਵੀ ਯੂਨਿਟ ਚੱਲ ਰਹੇ ਹਨ, ਉਹ ਅੱਧੀ ਸਮਰੱਥਾ 'ਤੇ ਚੱਲ ਰਹੇ ਹਨ। ਲਹਿਰਾ ਮੁਹੱਬਤ ਪਲਾਂਟ ਦੇ ਯੂਨਿਟ ਨੰਬਰ 3 ਤੇ 4 ਨੂੰ ਬੰਦ ਕੀਤਾ ਗਿਆ ਹੈ। ਇਕ ਨੰਬਰ ਯੂਨਿਟ ਸਿਰਫ 150 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ। ਇਸੇ ਤਰ੍ਹਾਂ ਰੋਪੜ ਪਲਾਂਟ ਦਾ ਇਕੋ ਯੂਨਿਟ ਚਾਲੂ ਹੈ, ਜੋ ਸਮਰੱਥਾ 210 ਮੈਗਾਵਾਟ ਹੋਣ ਦੇ ਬਾਵਜੂਦ 150 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਇਸੇ ਤਰ੍ਹਾਂ ਰਾਜਪੁਰਾ ਦੇ ਚਾਲੂ ਇਕਲੌਤਾ ਯੂਨਿਟ 700 ਮੈਗਾਵਾਟ ਦੀ ਥਾਂ 342 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਤਲਵੰਡੀ ਸਾਬੋ ਪਲਾਂਟ ਦੇ ਤਿੰਨੋਂ ਯੂਨਿਟ ਹੁਣ ਚਾਲੂ ਹਨ, ਜੋ ਕਿ 660 ਮੈਗਾਵਾਟ ਹਰੇਕ ਦੀ ਸਮਰੱਥਾ ਦੇ ਬਾਵਜੂਦ 310 ਮੈਗਾਵਾਟ ਹਰੇਕ ਬਿਜਲੀ ਪੈਦਾਵਾਰ ਕਰ ਰਹੇ ਹਨ। ਗੋਇੰਦਵਾਲ ਸਾਹਿਬ ਪਲਾਂਟ ਦੇ 2 ਯੂਨਿਟ ਚਾਲੂ ਹਨ, ਜਿਨ੍ਹਾਂ ਦੀ ਸਮਰੱਥਾ ਹਰੇਕ ਦੀ 270 ਮੈਗਾਵਾਟ ਹੈ ਪਰ ਇਹ 150 ਅਤੇ 170 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਪਣ-ਬਿਜਲੀ ਪ੍ਰਾਜੈਕਟਾਂ ਤੋਂ ਇਸ ਵੇਲੇ 463 ਮੈਗਾਵਾਟ ਬਿਜਲੀ ਪੈਦਾਵਾਰ ਹੋ ਰਹੀ ਹੈ ਜਦ ਕਿ ਸੌਰ ਊਰਜਾ ਪ੍ਰਾਜੈਕਟਾਂ ਤੋਂ 201 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪਾਵਰਕਾਮ ਦੇ ਆਪਣੇ ਸਾਰੇ ਸਰੋਤਾਂ ਤੋਂ ਇਸ ਵੇਲੇ 2579 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ, ਜਦਕਿ ਬਾਕੀ ਦੀ ਬਿਜਲੀ ਖਰੀਦੀ ਜਾ ਰਹੀ ਹੈ। ਇਸ ਦੌਰਾਨ ਹੀ ਰਾਜਪੁਰਾ ਥਰਮਲ ਪਲਾਂਟ ਚਲਾ ਰਹੀ ਕੰਪਨੀ ਨਾਭਾ ਪਾਵਰ ਲਿਮਟਿਡ ਨੇ ਕੋਲ ਇੰਡੀਆ ਲਿਮਟਿਡ (ਸੀ. ਆਈ. ਐੈੱਲ.) ਵੱਲੋਂ ਇਸ ਉੱਪਰ ਕੋਲੇ ਦੀ ਬੁਕਿੰਗ ਸਹੀ ਸਮੇਂ 'ਤੇ ਨਾ ਕਰਵਾਉਣ ਤੇ ਲਿਫਟਿੰਗ ਸਹੀ ਸਮੇਂ 'ਤੇ ਨਾ ਕਰਨ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਆਖਿਆ ਕਿ ਐਸਾ ਕੁਝ ਨਹੀਂ ਹੈ ਕਿ ਅਸੀਂ ਸਮੇਂ ਸਿਰ ਬੁਕਿੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਲਿਫਟਿੰਗ ਮਾਮਲੇ ਵਿਚ ਵੀ ਰੈਕ ਤੁਰੰਤ ਉਪਲਬਧ ਨਹੀਂ ਹੁੰਦੇ ਬਲਕਿ ਇਨ੍ਹਾਂ ਵਾਸਤੇ ਵਾਰੀ ਸਿਰ ਹੀ ਅਲਾਟਮੈਂਟ ਹੁੰਦੀ ਹੈ। ਜਿਵੇਂ-ਜਿਵੇਂ ਰੈਕ ਅਲਾਟ ਹੁੰਦੇ ਹਨ, ਅਸੀਂ ਲਿਫਟਿੰਗ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਰਾਜਪੁਰਾ ਪਲਾਂਟ ਵਿਚ ਅੱਜ ਤਿੰਨ ਰੈਕ ਕੋਲਾ ਪੁੱਜਾ ਹੈ। ਹੁਣ ਇਸ ਵਿਚ 40 ਹਜ਼ਾਰ ਟਨ ਕੋਲਾ ਭੰਡਾਰ ਪਿਆ ਹੈ। ਬੁਲਾਰੇ ਨੇ ਦੱਸਿਆ ਕਿ ਜੋ ਇਕ ਯੂਨਿਟ 3 ਜੂਨ ਨੂੰ ਬੰਦ ਕੀਤਾ ਗਿਆ ਸੀ, ਉਹ ਅਗਲੇ 1-2 ਦਿਨਾਂ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ।


Related News