ਪਾਵਰਕਾਮ ਦੀ ਲਾਪਰਵਾਹੀ, ਕੌਂਸਲਰ ਬਲਰਾਜ ਠਾਕੁਰ ਨੂੰ ਭੇਜਿਆ 66.45 ਲੱਖ ਰੁਪਏ ਬਿਜਲੀ ਬਿੱਲ
Wednesday, Feb 07, 2018 - 02:51 PM (IST)

ਜਲੰਧਰ— ਬਿਜਲੀ ਦੇ ਮੀਟਰਾਂ ਨੂੰ ਘਰਾਂ ਦੇ ਬਾਹਰ ਸ਼ਿਫਟ ਹੋਣ ਦੇ ਬਾਅਦ ਪਾਵਰਕਾਮ ਅਜੇ ਤੱਕ ਲੋਕਾਂ ਨੂੰ ਐੱਫ ਮੀਟਰ ਕੋਡ (ਬਿਨਾਂ ਮੀਟਰ ਦੀ ਰੀਡਿੰਗ) ਦੇ ਬਿੱਲ ਭੇਜ ਰਿਹਾ ਸੀ, ਜਿਸ 'ਚ ਆਮਤੌਰ 'ਤੇ ਬਿੱਲ ਦੀ ਰਕਮ ਦੋ ਤੋਂ ਤਿੰਨ ਗੁਣਾ ਜਾਂ ਇਸ ਤੋਂ ਵੱਧ ਆ ਹੀ ਜਾਂਦੀ ਸੀ ਪਰ ਇਸ ਵਾਰ ਤਾਂ ਪਾਵਰਕਾਮ ਨੇ ਹੈਰਾਨ ਕਰਨ ਵਾਲਾ ਬਿੱਲ ਭੇਜਿਆ ਹੈ। ਇਹ ਬਿੱਲ ਕੌਂਸਲਰ ਬਲਰਾਜ ਠਾਕੁਰ ਦੇ ਘਰ ਦਾ ਆਇਆ ਹੈ, ਜਿਸ 'ਚ ਬਿੱਲ ਦੀ ਰਕਮ 66 ਲੱਖ 45 ਹਜ਼ਾਰ 220 ਰੁਪਏ ਹੈ।
ਇਸ ਬਾਰੇ ਬਲਰਾਜ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ 12 ਕਿਲੋਵਾਟ ਦਾ ਮੀਟਰ ਲੱਗਾ ਹੈ ਜਦਕਿ ਬਿੱਲ 20 ਹਜ਼ਾਰ ਦੇ ਕਰੀਬ ਆਉਂਦਾ ਹੈ। ਇੰਨਾ ਬਿੱਲ ਤਾਂ ਸ਼ਾਇਦ ਕਿਸੇ ਫੈਕਟਰੀ ਦਾ ਸਾਲ ਭਰ ਦਾ ਨਹੀਂ ਆਉਂਦਾ ਹੋਵੇਗਾ। ਇਸ ਬਾਰੇ ਉਨ੍ਹਾਂ ਨੇ ਬੂਟਾ ਪਿੰਡ ਬਿਜਲੀ ਦਫਤਰ 'ਚ ਸ਼ਿਕਾਇਤ ਕਰ ਦਿੱਤੀ ਹੈ। ਇਸ ਬਾਰੇ ਪਾਵਰਕਾਮ ਦੇ ਐਕਸ. ਈ. ਐੱਨ. ਪ੍ਰਦੀਪ ਕੱਕੜ ਨੇ ਕਿਹਾ ਕਿ ਚੈੱਕ ਕੀਤਾ ਜਾਵੇਗਾ ਕਿ ਇੰਨਾ ਬਿੱਲ ਕਿਵੇਂ ਆ ਗਿਆ। ਲਾਪਰਵਾਹੀ ਕਿੱਥੇ ਹੈ, ਇਸ ਦੀ ਜਾਂਚ ਕਰਨ ਦੇ ਇਲਾਵਾ ਮੀਟਰ ਤੁਰੰਤ ਲੈਬ 'ਚ ਚੈੱਕ ਕਰਨ ਭੇਜਿਆ ਜਾਵੇਗਾ। ਇਸ ਦੇ ਬਾਅਦ ਨਵਾਂ ਬਿੱਲ ਜੈਨਰੇਟ ਕੀਤਾ ਜਾਵੇਗਾ।