ਹਾਈਟੈਂਸ਼ਨ ਤਾਰਾਂ ਤੋਂ ਕਰੰਟ ਲੱਗਣ ਕਾਰਨ ਝੁਲਸ ਗਏ 2 ਮੁੰਡੇ, ਧਮਾਕੇ ਨਾਲ ਦਹਿਲ ਗਿਆ ਇਲਾਕਾ
Monday, Dec 23, 2024 - 11:50 PM (IST)
ਲੁਧਿਅਣਾ (ਖੁਰਾਣਾ)- ਉਦਯੋਗਿਕ ਨਗਰੀ ਦੇ ਢੰਡਾਰੀ ਖੁਰਦ ਦੀ ਦੀਪ ਕਾਲੋਨੀ ਵਿਚ ਹੋਏ ਬਿਜਲੀ ਦੇ ਜ਼ੋਰਦਾਰ ਧਮਾਕੇ ਦੇ ਦਾਰਨ ਇਲਾਕਾ ਬੁਰੀ ਤਰਾਂ ਨਾਲ ਦਹਿਲ ਉਠਿਆ। ਬਿਜਲੀ ਦੀਆਂ ਹਾਈਟੈਸ਼ਨ ਤਾਰਾਂ ਦੇ ਕਰੰਟ ਨਾਲ ਛੇਵੀਂ ਕਲਾਸ ਦਾ 13 ਸਾਲਾ ਬੱਚਾ ਬੁਰੀ ਤਰਾਂ ਨਾਲ ਝੁਲਸ ਗਿਆ, ਜਦਕਿ ਇਕ ਹੋਰ ਲੜਕੇ ਅਸ਼ੀਸ਼ ਦਾ ਮੂੰਹ ਬੁਰੀ ਤਰਾਂ ਨਾਲ ਸੜ ਗਿਆ।
ਧਮਾਕੇ ਦੇ ਕਾਰਨ ਬੁਰੀ ਤਰਾਂ ਨਾਲ ਜ਼ਖਮੀ ਹੋਏ 13 ਸਾਲਾ ਵਿਸ਼ਾਲ ਨੂੰ ਕਿਰਾਏ ਦੇ ਵਿਹੜੇ 'ਚ ਰਹਿਣ ਵਾਲੇ ਲੋਕਾਂ ਵੱਲੋਂ ਇਲਾਜ ਲਈ ਨੇੜੇ ਦੇ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵਲੋਂ ਬੱਚੇ ਨੂੰ ਚੰਡੀਗੜ੍ਹ ਸਥਿਤ ਪੀ.ਜੀ.ਆਈ. ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਹੀ ਅਸ਼ੀਸ਼ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਹਾਦਸੇ ਦੌਰਾਨ ਇਲਾਕੇ ਵਿਚ ਇਕ ਦੁਕਾਨ ਅਤੇ ਕਈ ਘਰਾਂ ਵਿਚ ਅੱਗ ਲੱਗ ਜਾਣ ਦੇ ਕਾਰਨ ਬਿਜਲੀ ਦੇ ਉਪਕਰਨ ਇਨਵਰਟਰ, ਬੈਟਰੀਆਂ, ਲੱਕੜੀ ਦਾ ਕਾਊਂਟਰ, ਪਾਣੀ ਵਾਲੀ ਮੋਟਰ ਅਤੇ ਬਿਜਲੀ ਦੇ ਮੀਟਰ ਆਦਿ ਸੜ ਕੇ ਰਾਖ ਹੋ ਗਏ ਹਨ। ਇਲਾਕਾ ਨਿਵਾਸੀਆਂ ਦੇ ਮੁਤਾਬਕ ਬਿਜਲੀ ਦੇ ਹੋਏ ਜ਼ੋਰਦਾਰ ਧਮਾਕੇ ਦੇ ਬਾਅਦ ਲੱਗੀ ਭਿਆਨਕ ਅੱਗ ਵਿਚ ਉਨਾਂ ਦਾ ਲੱਖਾਂ ਦਾ ਸਾਮਾਨ ਸੜ ਗਿਆ ਅਤੇ ਦੇਖਣ ਵਾਲਿਆਂ ਨੇ ਦੱਸਿਆ ਕਿ ਧਮਾਕਾ ਇੰਨਾ ਜਬਰਦਸਤ ਸੀ ਕਿ ਮਕਾਨ ਦਾ ਲੈਂਟਰ ਤੱਕ ਨੁਕਸਾਨਿਆ ਗਿਆ ਹੈ, ਜਿਸ ਕਾਰਨ ਲੋਕ ਡਰ ਦੇ ਮਾਰੇ ਆਪਣੇ ਘਰਾਂ ’ਚੋਂ ਨਿਕਲ ਕੇ ਬਾਹਰ ਗਲੀਆਂ ਵਿਚ ਆ ਗਏ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਗੋ/ਲ਼ੀਆਂ ਦੀ ਆਵਾਜ਼ ਨਾਲ ਕੰਬ ਗਿਆ ਪੰਜਾਬ
ਇਲਾਕਾ ਨਿਵਾਸੀਆਂ ਵਲੋਂ ਦਰਦਨਾਕ ਹਾਦਸੇ ਦੇ ਪਿਛੇ ਦੇ ਅਲੱਗ ਅਲੱਗ ਕਾਰਨ ਦੱਸੇ ਜਾ ਰਹੇ ਹਨ। ਉਨਾਂ ਨੇ ਦੱਸਿਆ ਕਿ ਪੀੜਤ ਵਿਸ਼ਾਲ ਲੋਹੇ ਦੀ ਛੜੀ ਨੁਮਾ ਤਾਰ ਹਵਾ ਵਿਚ ਉਛਾਲ ਰਿਹਾ ਸੀ ਜਿਸ ਕਾਰਨ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਦੇ ਸੰਪਰਕ ਵਿਚ ਆਉਣ ਕਾਰਨ ਬੱਚਿਆਂ ਨੂੰ ਕਰੰਟ ਲੱਗਣ ਅਤੇ ਜ਼ੋਰਦਾਰ ਧਮਾਕਾ ਹੋਣ ਦੇ ਕਾਰਨ ਦਰਦਨਾਕ ਹਾਦਸਾ ਹੋਇਆ ਤਾਂ ਉਥੇ ਹੀ ਪਰਿਵਾਰ ਦਾ ਮੰਨਣਾ ਹੈ ਕਿ ਘਟਨਾ ਸਥਾਨ ਦੇ ਨੇੜੇ ਪੈਂਦੇ ਇਕ ਮਕਾਨ ਦੀ ਛੱਤ ’ਤੇ ਕਿਰਾਏਦਾਰ ਮਹਿਲਾ ਵਲੋਂ ਪਾਣੀ ਨਾਲ ਭਿੱਜੀਆਂ ਹੋਈਆਂ ਸਾੜੀਆਂ ਨੂੰ ਸੁੱਕਣ ਦੇ ਲਈ ਪਾਇਆ ਗਿਆ ਸੀ। ਇਸ ਦੌਰਾਨ ਭਿੱਜੀਆਂ ਸਾੜੀਆਂ ਹਾਈਟੈਸ਼ਨ ਤਾਰਾਂ ਦੇ ਸੰਪਰਕ ਵਿਚ ਆਉਣ ਦੇ ਕਾਰਨ ਛੱਤ ’ਤੇ ਕਰੰਟ ਆ ਗਿਆ ਅਤੇ ਕਰੰਟ ਦੀ ਚਪੇਟ ਵਿਚ 13 ਸਾਲਾ ਬੱਚਾ ਆ ਕੇ ਬੁਰੀ ਤਰਾਂ ਨਾਲ ਝੁਲਸ ਗਿਆ।
ਬਹੁ-ਮੰਜ਼ਿਲਾ ਮਕਾਨ ਹਾਈ ਟੈਂਸ਼ਨ ਤਾਰਾਂ ਹੇਠ ਬਣੇ ਹੋਏ ਹਨ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚੋਂ ਲੰਘਦੀਆਂ ਹਾਈ ਟੈਂਸ਼ਨ ਤਾਰਾਂ ਦੇ ਹੇਠਾਂ ਬਹੁਮੰਜ਼ਿਲਾ ਮਕਾਨ ਬਣਾ ਕੇ ਕਈ ਪਰਿਵਾਰਾਂ ਨੂੰ ਕਿਰਾਏ ’ਤੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 11 ਕੇ.ਵੀ. ਟੈਂਸ਼ਨ ਤਾਰਾਂ ਦੀ ਪਾਵਰ ਇੰਨੀ ਤੇਜ਼ ਹੁੰਦੀ ਹੈ ਕਿ ਜੇਕਰ ਕੋਈ ਵਿਅਕਤੀ ਗਲਤੀ ਨਾਲ ਆਪਣੀ ਕਾਰ ਨੂੰ ਇਨ੍ਹਾਂ ਤਾਰਾਂ ਦੇ ਹੇਠਾਂ ਖੜ੍ਹਾ ਕਰ ਦਿੰਦਾ ਹੈ, ਤਾਂ ਕਾਰ ਦੀ ਬੈਟਰੀ ਕੁਝ ਹੀ ਮਿੰਟਾਂ ਵਿੱਚ ਖਰਾਬ ਹੋ ਸਕਦੀ ਹੈ।
ਉਨ੍ਹਾਂ ਨੇ ਇਲਾਕਾ ਨਿਵਾਸੀਆਂ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਰਾਏ ’ਤੇ ਘਰ ਲੈਣ ਤੋ ਪਹਿਲਾਂ ਬਹੁ ਮੰਜਿਲਾ ਇਮਾਰਤਾਂ ਉਪਰੋਂ ਲੰਘਦੀਆਂ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਤੋਂ ਬੱਚਿਆਂ ਤੇ ਪਰਿਵਾਰ ਨੂੰ ਸੁਰੱਖਿਅਤ ਰੱਖਣ।
ਇਹ ਵੀ ਪੜ੍ਹੋ- ਬੇਕਾਬੂ ਟਰੱਕ ਨੇ ਢਾਹਿਆ ਕਹਿਰ, ਲੋਕਾਂ ਨੂੰ ਪਾਈਆਂ ਭਾਜੜਾਂ, ਤੋੜ'ਤੇ ਖੰਭੇ, ਤਹਿਸ-ਨਹਿਸ ਕਰ'ਤੀਆਂ ਦੁਕਾਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e