ਉਪ ਚੋਣ ਕਾਂਗਰਸ ਸਰਕਾਰ ਤੇ ਭਾਜਪਾ ਉਮੀਦਵਾਰ ਵਿਚਾਲੇ ਸੀ : ਸਲਾਰੀਆ

10/16/2017 6:48:46 AM

ਗੁਰਦਾਸਪੁਰ, ਪਠਾਨਕੋਟ  (ਵਿਨੋਦ, ਦੀਪਕ, ਆਦਿਤਿਆ) - ਲੋਕ ਸਭਾ ਉਪ ਚੋਣ 'ਚ ਅਸੀਂ ਆਪਣੀ ਹਾਰ ਸਵੀਕਾਰ ਕਰਦੇ ਹਾਂ ਅਤੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਤੋਂ ਆਸ ਕਰਦੇ ਹਾਂ ਕਿ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿਕਾਸ ਲਈ ਜ਼ਰੂਰੀ ਕਦਮ ਉਠਾਉਣਗੇ। ਇਹ ਪ੍ਰਗਟਾਵਾ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੇ ਲੋਕ ਸਭਾ ਚੋਣ ਨਤੀਜੇ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕੀਤਾ।
ਸਵਰਨ ਸਲਾਰੀਆਂ ਨੇ ਦੋਸ਼ ਲਾਇਆ ਕਿ ਇਸ ਲੋਕ ਸਭਾ ਉਪ ਚੋਣ ਵਿਚ ਪੂਰੀ ਪੰਜਾਬ ਸਰਕਾਰ ਗੁਰਦਾਸਪੁਰ ਵਿਚ ਬੈਠੀ ਹੋਈ ਸੀ ਅਤੇ ਜ਼ਿਲਾ ਪ੍ਰਸ਼ਾਸਨ ਕਾਂਗਰਸ ਪਾਰਟੀ ਉਮੀਦਵਾਰ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿਧਾਨ ਸਭਾ ਹਲਕਾ ਸਮੇਤ ਸਾਰੇ ਅਕਾਲੀ ਹਲਕਿਆਂ ਬਟਾਲਾ, ਕਾਦੀਆਂ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ 'ਚ ਸਾਡੇ ਪੋਲਿੰਗ ਏਜੰਟਾਂ ਨੂੰ ਪੋਲਿੰਗ ਬੂਥਾਂ 'ਤੇ ਬੈਠਣ ਹੀ ਨਹੀਂ ਦਿੱਤਾ ਗਿਆ। ਗੁਰਦਾਸਪੁਰ ਦੇ ਪਿੰਡ ਪਾਹੜਾ ਵਿਚ ਜੋ ਹੋਇਆ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਤਰ੍ਹਾਂ ਕਾਦੀਆਂ ਵਿਧਾਨ ਸਭਾ ਹਲਕੇ 'ਚ ਸਾਡੇ ਪੋਲਿੰਗ ਏਜੰਟਾਂ ਦੀ ਕੁੱਟਮਾਰ ਕੀਤੀ ਗਈ। ਇਹ ਲੋਕਤੰਤਰ ਦੀ ਮਰਿਆਦਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਮੰਤਰੀ ਤੇ ਵਿਧਾਇਕ ਜਨਤਕ ਰੂਪ ਵਿਚ ਕਹਿੰਦੇ ਸੀ ਕਿ ਉਹ ਹਰ ਹਾਲਤ ਵਿਚ ਚੋਣ ਜਿੱਤਣਗੇ ਅਤੇ ਇਸ ਲਈ ਜੋ ਵੀ ਕਰਨਾ ਪਵੇਗਾ ਉਹ ਕਰਨਗੇ।
ਸਲਾਰੀਆਂ ਨੇ ਕਿਹਾ ਕਿ ਸਾਨੂੰ ਅਕਾਲੀ ਹਲਕਿਆਂ ਵਿਚ ਬਹੁਤ ਨੁਕਸਾਨ ਹੋਇਆ ਹੈ, ਜਦਕਿ ਦੀਨਾਨਗਰ, ਭੋਆ, ਸੁਜਾਨਪੁਰ ਅਤੇ ਪਠਾਨਕੋਟ ਵਿਚ ਸਾਡੀ ਸਥਿਤੀ ਵਧੀਆ ਰਹੀ ਹੈ। ਅਸੀਂ ਆਪਣੀਆਂ ਕਮੀਆਂ ਨੂੰ ਦੂਰ ਕਰਾਂਗੇ ਅਤੇ ਇਸ ਇਲਾਕੇ ਦੀ ਬਿਹਤਰੀ ਤੇ ਵਿਕਾਸ ਲਈ ਜੋ ਵੀ ਹੋ ਸਕਦਾ ਜ਼ਰੂਰ ਕਰਾਂਗੇ।


Related News