ਰਾਬਰਟ ਵਢੇਰਾ ’ਤੇ ਚੁੱਪ ਵਿਚਾਲੇ ਅਮੇਠੀ ਤੇ ਰਾਏਬਰੇਲੀ ਨੂੰ ਕਾਂਗਰਸ ਉਮੀਦਵਾਰ ਦੀ ਉਡੀਕ
Saturday, Apr 20, 2024 - 02:16 PM (IST)
ਨਵੀਂ ਦਿੱਲੀ- 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਹਰਿਆਣਾ ਜ਼ਮੀਨ ਸੌਦੇ ਦੇ ਮਾਮਲੇ ਵਿਚ ਸੋਨੀਆ ਗਾਂਧੀ ਦੇ ਜਵਾਈ (ਰਾਬਰਟ ਵਢੇਰਾ) ਦੇ ਖਿਲਾਫ ਪੂਰੀ ਤਰ੍ਹਾਂ ਨਾਲ ਕਾਰਵਾਈ ਕਰ ਰਿਹਾ ਸੀ। ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੇ ਪਤੀ ਵਢੇਰਾ ਤੋਂ ਈ. ਡੀ. ਨੇ ਕਈ ਵਾਰ ਪੁੱਛ-ਪੜਤਾਲ ਕੀਤੀ ਸੀ ਅਤੇ ਇਥੋਂ ਤੱਕ ਕਿ ਉਸਨੇ ਅਗਾਊਂ ਜ਼ਮਾਨਤ ਰੱਦ ਕਰਨ ਅਤੇ ਵਢੇਰਾ ਦੀ ਹਿਰਾਸਤ ਦੀ ਮੰਗ ਕੀਤੀ ਸੀ ਕਿਉਂਕਿ ਉਹ ਜਾਂਚ ’ਚ ਸਹਿਯੋਗ ਨਹੀਂ ਕਰ ਰਹੇ ਸਨ। ਈ. ਡੀ. ਲੰਡਨ ਵਿਚ ਉਨ੍ਹਾਂ ਦੀ ਗਲਤ ਤਰੀਕ ਨਾਲ ਕਮਾਈ ਗਈ ਜਾਇਦਾਦ ਦੇ ਪੁਖਤਾ ਸਬੂਤ ਹੋਣ ਦਾ ਵੀ ਦਾਅਵਾ ਕੀਤਾ ਸੀ।
2014 ਦੇ ਚੋਣ ਪ੍ਰਚਾਰ ਦੌਰਾਨ ਗਾਂਧੀ ਪਰਿਵਾਰ ’ਤੇ ਜ਼ਮੀਨੀ ਸੌਦਿਆਂ ਅਤੇ ਹੋਰ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਸਨ, ਜੋ 2019 ਦੀਆਂ ਚੋਣਾਂ ’ਚ ਵੀ ਜਾਰੀ ਰਹੇ। ਇਕ ਪ੍ਰਮੁੱਖ ਟੀ. ਵੀ. ਚੈਨਲ ਨੇ ਵਿਵਾਦਗ੍ਰਸਤ ਹਥਿਆਰਾਂ ਦੇ ਡੀਲਰ ਸੰਜੇ ਭੰਡਾਰੀ ਨਾਲ ਵਢੇਰਾ ਦੇ ਸਬੰਧਾਂ ਦਾ ਹਵਾਲਾ ਦਿੱਤਾ ਅਤੇ ਈਮੇਲਾਂ ਰਾਹੀਂ ਸੌਦਿਆਂ ਬਾਰੇ ਚਰਚਾ ਕੀਤੀ। 5 ਸਾਲ ਬੀਤੇ ਜਾਣ ਤੋਂ ਬਾਅਦ ਵੀ ਰਾਬਰਟ ਵਢੇਰਾ ਖਿਲਾਫ ਕਿਸੇ ਮਾਮਲੇ ਦਾ ਕੋਈ ਪਤਾ ਨਹੀਂ ਹੈ। ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਵਢੇਰਾ ਖਿਲਾਫ ਜ਼ਮੀਨ ਸੌਦਾ ਮਾਮਲਾ ਬੰਦ ਕਰ ਦਿੱਤਾ ਹੈ। ਲੰਡਨ ਦੀ ਜਾਇਦਾਦ ਵੀ ਹਵਾ ਵਿਚ ਗਾਇਬ ਹੋ ਗਈ ਹੈ। ਨੈਸ਼ਨਲ ਹੈਰਾਲਡ ਮਾਮਲੇ ਨੂੰ ਛੱਡ ਕੇ ਪ੍ਰਿਯੰਕਾ ਗਾਂਧੀ ਵਢੇਰਾ ਜਾਂ ਗਾਂਧੀ ਪਰਿਵਾਰ ਦੇ ਹੋਰ ਮੈਂਬਰਾਂ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਪੂਰੀ ਤਰ੍ਹਾਂ ਠੰਢੇ ਬਸਤੇ ਵਿਚ ਹਨ।
ਅਜਿਹੀਆਂ ਰਿਪੋਰਟਾਂ ਹਨ ਕਿ ਦੇਸ਼ ਦੇ ਪ੍ਰਮੁੱਖ ਰੀਅਲ ਅਸਟੇਟ ਸਮੂਹਾਂ ਨੇ ਇਸ ਮਿਆਦ ਦੌਰਾਨ ਚੋਣ ਬਾਂਡਾਂ ਰਾਹੀਂ ਸੱਤਾਧਾਰੀ ਸਰਕਾਰ ਨੂੰ ਵੱਡੇ ਪੱਧਰ ’ਤੇ ਚੰਦਾ ਦਿੱਤਾ। ਇਹ ਚੰਦਾ ਮਾਮਲਿਆਂ ਨੂੰ ਬੰਦ ਕਰਨ ਨਾਲ ਜੁੜੇ ਸਨ ਜਾਂ ਨਹੀਂ, ਇਸਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ ਪਰ ਹੁਣ ਵਢੇਰਾ ਲੋਕ ਸਭਾ ਸੀਟ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਗਾਂਧੀ ਪਰਿਵਾਰ ਇਸ ਮੁੱਦੇ ’ਤੇ ਚੁੱਪ ਧਾਰੇ ਹੋਏ ਹਨ ਅਤੇ ਪਾਰਟੀ ਨੇਤਾ ਇਸ ਮੁਸ਼ਕਲ ਸਮੇਂ ਵਿਚ ਇਸ ਮੁੱਦੇ ’ਤੇ ਗੱਲ ਕਰਨ ਤੋਂ ਵੀ ਡਰ ਰਹੇ ਹਨ। ਅਮੇਠੀ ਅਤੇ ਰਾਏਬਰੇਲੀ ਸੀਟਾਂ ਕਾਂਗਰਸ ਉਮੀਦਵਾਰਾਂ ਦੀ ਉਡੀਕ ਕਰ ਰਹੀਆਂ ਹਨ।