ਲੋਕ ਸਭਾ ਚੋਣਾਂ 2024: ਪੰਜਾਬ ''ਚ ਚੋਣ ਪ੍ਰਚਾਰ ਹੋਇਆ ਖ਼ਤਮ

05/30/2024 7:08:25 PM

ਜਲੰਧਰ (ਵੈੱਬ ਡੈਸਕ)- ਪਿਛਲੇ ਮਹੀਨੇ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿਚ ਹੋ ਰਹੀ ਗਹਿਮਾ-ਗਹਿਮੀ ਹੁਣ ਰੁਕ ਗਈ ਹੈ। 1 ਜੂਨ ਨੂੰ ਚੋਣਾਂ ਨੂੰ ਲੈ ਕੇ ਹੋਣ ਜਾ ਰਹੀ ਵੋਟਿੰਗ ਲਈ ਅੱਜ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ 48 ਘੰਟਿਆਂ ਲਈ ਪੰਜਾਬ ਵਿਚ ਸ਼ਰਾਬ ਦੇ ਠੇਕੇ ਵੀ ਬੰਦ ਕਰ ਦਿੱਤੇ ਗਏ ਹਨ। ਇਸ ਉਪਰੰਤ ਕੋਈ ਵੀ ਸਿਆਸੀ ਪਾਰਟੀ ਰੈਲੀ, ਜਲਸਾ, ਲਾਊਡ ਸਪੀਕਰ, ਪ੍ਰਚਾਰ ਵਾਹਨ ਅਤੇ ਹੋਰ ਪ੍ਰਚਾਰ ਤਰੀਕਿਆਂ ਦੀ ਵਰਤੋਂ ਨਹੀਂ ਕਰ ਸਕੇਗੀ।

ਸਿਆਸੀ ਆਗੂ ਸਿਰਫ਼ 4 ਲੋਕਾਂ ਨੂੰ ਨਾਲ ਲੈ ਕੇ ਡੋਰ ਟੂ ਡੋਰ ਪ੍ਰਚਾਰ ਕਰ ਸਕਣਗੇ। ਪ੍ਰਸ਼ਾਸਨ ਨੇ ਵੀ ਚੋਣ ਜ਼ਾਬਤੇ ਅਤੇ ਨਿਯਮਾਂ ਨੂੰ ਲਾਗੂ ਕਰਨ ਲਈ ਕਮਰ ਕੱਸ ਲਈ ਹੈ ਅਤੇ ਵੋਟਿੰਗ ਨੂੰ ਲੈ ਕੇ ਵੋਟਾਂ ਦੀ ਗਿਣਤੀ ਤਕ ਕਈ ਪਾਬੰਦੀਆਂ ਦੇ ਹੁਕਮ ਵੀ ਜਾਰੀ ਕੀਤੇ ਹਨ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ ਨਿਰਵਿਘਨ ਤਰੀਕੇ ਨਾਲ ਸੰਪੰਨ ਹੋ ਸਕੇ। ਇਸ ਦੌਰਾਨ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਬਣਦੀ ਸਖ਼ਤ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। 30 ਮਈ ਸ਼ਾਮ ਨੂੰ ਚੋਣ ਪ੍ਰਚਾਰ ’ਤੇ ਪਾਬੰਦੀ ਲੱਗਣ ਕਾਰਨ ਸਿਆਸੀ ਪਾਰਟੀਆਂ ਦਾ ਦਿਨ ਭਰ ਪੂਰਾ ਜ਼ੋਰ ਵੋਟਰਾਂ ਨੂੰ ਲੁਭਾਉਣ ਵਿਚ ਲੱਗਾ ਰਿਹਾ।

ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਬਿਆਨ, ਅਜੇ ਤਾਂ ਸਿਰਫ਼ 43 ਹਜ਼ਾਰ ਨੌਕਰੀਆਂ ਦਿੱਤੀਆਂ ਨੇ, ਲੱਖਾਂ ਦੇਣੀਆਂ ਬਾਕੀ ਹਨ

ਜਲੰਧਰ 'ਚ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਰਹੇਗੀ ਪਾਬੰਦੀ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰ ਜ਼ਿਲ੍ਹੇ ਵਿਚ ਧਾਰਾ 144 ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ 1 ਜੂਨ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਆਜ਼ਾਦ ਅਤੇ ਨਿਰਪੱਖ ਵੋਟਿੰਗ ਲਈ ਅਨੁਕੂਲ ਮਾਹੌਲ ਬਣਾਉਣ ਲਈ ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਹਨ। ਡਾ. ਹਿਮਾਂਸ਼ੂ ਨੇ ਫੌਜਦਾਰੀ ਜ਼ਾਬਤੇ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਅਧਿਕਾਰ ਖੇਤਰ ’ਚ 48 ਘੰਟਿਆਂ ਦੌਰਾਨ 30 ਮਈ ਨੂੰ ਸ਼ਾਮ 6 ਵਜੇ ਤੋਂ 1 ਜੂਨ ਨੂੰ ਵੋਟਾਂ ਦੀ ਸਮਾਪਤੀ ਤਕ 5 ਤੋਂ ਜ਼ਿਆਦਾ ਲੋਕਾਂ ਦੀ ਪਬਲਿਕ ਮੀਟਿੰਗ ’ਤੇ ਪਾਬੰਦੀ ਲਗਾਈ ਹੈ। 

ਉਨ੍ਹਾਂ ਸਪੱਸ਼ਟ ਕੀਤਾ ਕਿ 48 ਘੰਟਿਆਂ ਦੌਰਾਨ ਸਿਰਫ 4 ਵਿਅਕਤੀਆਂ ਦੇ ਸੀਮਤ ਗਰੁੱਪ ਨਾਲ ਡੋਰ ਟੂ ਡੋਰ ਮੁਹਿੰਮ ਤਹਿਤ ਘਰ-ਘਰ ਜਾਣ ’ਤੇ ਪਾਬੰਦੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸਿਆਸੀ ਆਗੂ, ਪਾਰਟੀ ਵਰਕਰ, ਜੋ ਲੋਕ ਸਭਾ ਹਲਕਾ ਜਲੰਧਰ ਦੇ ਰਜਿਸਟਰਡ ਵੋਟਰ ਨਹੀਂ ਹਨ, ਉਨ੍ਹਾਂ ਨੂੰ ਇਸ ਨਿਰਧਾਰਿਤ ਸਮਾਂ ਮਿਆਦ ਤਕ ਜਲੰਧਰ ਜ਼ਿਲ੍ਹੇ ਨੂੰ ਛੱਡ ਕੇ ਵਾਪਸ ਜਾਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਵੋਟਿੰਗ ਦੇ ਦਿਨ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਘੇਰੇ ਅੰਦਰ ਚੋਣ ਪ੍ਰਚਾਰ ਨਹੀਂ ਕਰੇਗੀ।

ਇਹ ਵੀ ਪੜ੍ਹੋ- ਪਿਆਕੜਾਂ ਲਈ ਅਹਿਮ ਖ਼ਬਰ, ਅੱਜ ਸ਼ਾਮ 6 ਵਜੇ ਤੋਂ 48 ਘੰਟਿਆਂ ਲਈ ਬੰਦ ਰਹਿਣਗੇ ਪੰਜਾਬ ਦੇ ਠੇਕੇ

ਵੋਟਰ ਘਰ ਬੈਠੇ ਪੋਲਿੰਗ ਬੂਥ ’ਤੇ ਭੀੜ ਸਬੰਧੀ ਜਾਣਕਾਰੀ ਹਾਸਲ ਕਰ ਸਕਣਗੇ

ਲੋਕ ਸਭਾ ਚੋਣਾਂ ਦੌਰਾਨ ਭਿਆਨਕ ਗਰਮੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਨੂੰ ਘਰ ਬੈਠੇ ਹੀ ਵੋਟਿੰਗ ਕੇਂਦਰ ’ਤੇ ਲੱਗਣ ਵਾਲੀ ਲਾਈਨ/ਭੀੜ ਦੀ ਜਾਣਕਾਰੀ ਉਪਲੱਬਧ ਕਰਵਾਉਣ ਦੀ ਅਹਿਮ ਪਹਿਲ ਕੀਤੀ ਹੈ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ 1951 ਵੋਟਿੰਗ ਕੇਂਦਰਾਂ ’ਤੇ ਚੋਣ ਮਿੱਤਰਾਂ ਨੂੰ ਤਾਇਨਾਤ ਕੀਤਾ ਹੈ, ਜੋ ਵੋਟਿੰਗ ਕੇਂਦਰ ’ਤੇ ਵੋਟ ਦੇਣ ਲਈ ਲਾਈਨ ਵਿਚ ਖੜ੍ਹੇ ਲੋਕਾਂ ਦੀ ਜਾਣਕਾਰੀ ਹਰ 15 ਮਿੰਟ ਵਿਚ ਵੈੱਬਸਾਈਟ ’ਤੇ ਅਪਡੇਟ ਕਰਨਗੇ।

ਉਨ੍ਹਾਂ ਕਿਹਾ ਕਿ ਇਹ ਵੈੱਬਸਾਈਟ ਜ਼ਿਲ੍ਹਾ ਪ੍ਰਸ਼ਾਸਨ ਅਤੇ ਐੱਨ. ਆਈ. ਟੀ. ਦੀ ਹੈ, ਜਿਸ ਨੂੰ ਜਲੰਧਰ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਮਿਲ ਕੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵੈੱਬਸਾਈਟ ਦਾ ਮੁੱਖ ਉਦੇਸ਼ ਲੋਕਾਂ ਦਾ ਸਮਾਂ ਬਚਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਵੋਟ ਪਾਉਣ ਲਈ ਲੰਮੀ ਉਡੀਕ ਨਾ ਕਰਨੀ ਪਵੇ। ਜਲੰਧਰ ਦੇ ਵੋਟਰ ਇਸ ਵੈੱਬਸਾਈਟ ’ਤੇ ਜਾ ਕੇ ਆਪਣੇ ਚੋਣ ਹਲਕੇ ਅਤੇ ਵੋਟਿੰਗ ਕੇਂਦਰ ਨੰਬਰ ਦਰਜ ਕਰ ਕੇ ਲਾਈਨ ਵਿਚ ਖੜ੍ਹੇ ਲੋਕਾਂ ਬਾਰੇ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਲੋਕਾਂ ਲਈ ਵੋਟਰ ਕਿਊ ਇਨਫਾਰਮੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੀ ਵਰਤੋਂ ਕਰਨ ਲਈ ਵੋਟਰਾਂ ਨੂੰ ਵ੍ਹਟਸਐਪ ਨੰਬਰ 7447447217 ’ਤੇ ‘ਵੋਟ’ ਟਾਈਪ ਕਰ ਕੇ ਸੰਦੇਸ਼ ਭੇਜਣਾ ਹੋਵੇਗਾ, ਜਿਸ ਤੋਂ ਬਾਅਦ ਇਕ ਲਿੰਕ ਪ੍ਰਾਪਤ ਹੋਵੇਗਾ, ਜਿਸ ਨੂੰ ਕਲਿੱਕ ਕਰਨ ’ਤੇ 2 ਬਦਲ ਮਿਲਣਗੇ, 1. ਲੋਕੇਸ਼ਨ ਵਾਈਜ਼, 2. ਬੂਥ ਵਾਈਜ਼। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਿੱਥੇ ਵੋਟਿੰਗ ਦੇ ਦਿਨ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਦੂਜੇ ਪਾਸੇ ਵੋਟਰ ਕਿਊ ਸਿਸਟਮ ਨਾਲ ਵੋਟਰ ਬੂਥ ’ਤੇ ਉਸ ਸਮੇਂ ਵੋਟ ਪਾ ਸਕਣਗੇ, ਜਦੋਂ ਬੂਥ ’ਤੇ ਭੀੜ ਨਾ ਹੋਵੇ।

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News