ਬਜ਼ੁਰਗ ਮਹਿਲਾ ਨੂੰ ਬੰਧਕ ਬਣਾ ਵਿਅਕਤੀਆਂ ਨੇ ਲੁੱਟੇ ਸੋਨੇ ਦੇ ਗਹਿਣੇ ਅਤੇ ਨਕਦੀ, 5 ਨਾਮਜ਼ਦ
Tuesday, May 18, 2021 - 03:56 PM (IST)
ਮੋਗਾ (ਆਜ਼ਾਦ, ਵਿਪਨ) - ਥਾਣਾ ਸਿਟੀ ਸਾਉਥ ਦੇ ਇੰਚਾਰਜ ਇੰਸਪੈਕਟਰ ਬਲਰਾਜ ਮੋਹਨ ਅਨੁਸਾਰ ਬੀਤੀ 13-14 ਮਈ ਦੀ ਰਾਤ ਨੂੰ ਬਜ਼ੁਰਗ ਊਸ਼ਾ ਪੱਬੀ (65) ਨਿਵਾਸੀ ਨਿਊ ਹਾਕਮ ਕਾ ਅਗਵਾੜ ਮੋਗਾ ਨੂੰ ਬੰਧਕ ਬਣਾ ਸੋਨੇ-ਚਾਂਦੀ ਦੇ ਗਹਿਣੇ, ਹਜ਼ਾਰਾਂ ਰੁਪਏ ਦੀ ਨਕਦੀ ਲੈ ਜਾਣ ਦੇ ਮਾਮਲੇ ’ਚ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਬਜ਼ੁਰਗ ਮਹਿਲਾ ਨੇ ਕਿਹਾ ਕਿ ਅਣਪਛਾਤੇ ਲੁਟੇਰੇ ਉਸ ਦੇ ਘਰ ਵਿੱਚ ਦਾਖਲ ਹੋਏ, ਜਿਨ੍ਹਾਂ ਨੇ ਉਸਦੇ ਕਮਰੇ ਵਿੱਚ ਉਸ ਨੂੰ ਬੰਧਕ ਬਣਾ ਲਿਆ। ਉਨ੍ਹਾਂ ਨੇ ਕਪੜੇ ਨਾਲ ਉਸਦਾ ਮੂੰਹ ਬੰਨ ਦਿੱਤਾ ਅਤੇ ਕੁੱਟ-ਮਾਰ ਕੀਤੀ। ਉਨ੍ਹਾਂ ਨੇ ਮੇਰੀਆਂ ਸੋਨੇ ਦੀ ਚੂੜੀਆਂ, ਸੋਨੇ ਦੀਆਂ ਵਾਲ੍ਹੀਆਂ, ਸੋਨੇ ਦੀ ਚੇਨ ਸਣੇ ਲਾਕਟ ਜ਼ਬਰਦਸਤੀ ਖੋਹ ਲਈ ਅਤੇ ਅਲਮਾਰੀ ਵਿੱਚ ਪਏ ਸੋਨੇ ਦੇ ਗਹਿਣੇ (ਕੁੱਲ 20 ਤੋਲੇ) ਅਤੇ ਡਾਇਮੰਡ ਸੈੱਟ, ਚਾਂਦੀ ਦੇ ਸਿੱਕੇ ਇਕ ਕਿੱਲੋ ਅਤੇ 25-26 ਹਜ਼ਾਰ ਰੁਪਏ ਨਕਦ ਲੈ ਕੇ ਫਰਾਰ ਹੋ ਗਏ।
ਮੇਰੇ ਰੋਲਾਂ ਪਾਉਣ ’ਤੇ ਮੇਰਾ ਪੁੱਤ, ਜੋ ਨਾਲ ਦੇ ਕਮਰੇ ’ਚ ਪਿਆ ਹੋਇਆ ਸੀ, ਭੱਜ ਕੇ ਆ ਗਿਆ। ਉਸ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤਾ ਅਤੇ ਲੁਟੇਰਿਆਂ ਦਾ ਸੁਰਾਗ ਲਗਾਉਣ ਦਾ ਯਤਨ ਕੀਤਾ। ਪੀੜਤ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਬੂਟਾ ਸਿੰਘ, ਲਖਵੀਰ ਸਿੰਘ ਉਰਫ ਲੱਖੂ, ਮਿੱਠੂ ਸਿੰਘ, ਅਮਰਜੀਤ ਸਿੰਘ ਅਤੇ ਕਾਲੂ ਮੋਗਾ ਨੇ ਮਿਲ ਕੇ ਮੈਨੂੰ ਬੰਨ ਕੇ ਲੁੱਟਿਆ ਹੈ। ਜਾਂਚ ਅਧਿਕਾਰੀ ਸੰਤੋਖ਼ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।