ਢਾਈ ਸਾਲਾ ਮਾਸੂਮ ਨੂੰ ਬਜ਼ੁਰਗ ਨੇ ਬਣਾਇਆ ਹਵਸ ਦਾ ਸ਼ਿਕਾਰ

Monday, Apr 02, 2018 - 06:47 AM (IST)

ਲੁਧਿਆਣਾ, (ਪੰਕਜ)- ਮਹਾਨਗਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਚ 55 ਸਾਲਾ ਇਕ ਹਵਸ ਦੇ ਭੁੱਖੇ ਭੇੜੀਏ ਨੇ ਟਾਫੀ ਦਾ ਲਾਲਚ ਦੇ ਕੇ ਢਾਈ ਸਾਲਾ ਮਾਸੂਮ ਨੂੰ ਆਪਣੇ ਕਮਰੇ ਵਿਚ ਬੁਲਾਇਆ ਅਤੇ ਹਵਸ ਦਾ ਸ਼ਿਕਾਰ ਬਣਾਇਆ। ਮਾਸੂਮ ਬੱਚੀ ਦੀਆਂ ਚੀਕਾਂ ਸੁਣ ਕੇ ਇਕੱਠੇ ਹੋਏ ਵਿਹੜੇ ਦੇ ਲੋਕਾਂ ਨੇ ਮੁਲਜ਼ਮ ਨੂੰ ਦਬੋਚ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਸ਼ਿਮਲਾਪੁਰੀ ਅਧੀਨ ਆਉਂਦੇ ਗਿੱਲ ਰੋਡ ਬਾਜ਼ੀਗਰ ਮੁਹੱਲਾ ਸਥਿਤ ਵਿਹੜੇ ਵਿਚ ਵਿਜੇ ਕੁਮਾਰ ਆਪਣੇ ਬੇਟਿਆਂ ਤੇ ਢਾਈ ਸਾਲਾ ਬੱਚੀ ਨਾਲ ਰਹਿੰਦਾ ਹੈ। ਉਸ ਦੇ ਨਾਲ ਵਾਲੇ ਕਮਰੇ ਵਿਚ ਬਲਰਾਜ (55) ਇਕੱਲਾ ਰਹਿੰਦਾ ਹੈ। ਐਤਵਾਰ ਦੁਪਹਿਰੇ ਜਦੋਂ ਵਿਜੇ ਕੁਮਾਰ ਮੀਟ ਦੀ ਰੇਹੜੀ ਲਾਉਣ ਗਿਆ ਤੇ ਪਿੱਛੋਂ ਉਸ ਦੇ ਤਿੰਨੋਂ ਬੱਚੇ ਇਕੱਲੇ ਖੇਡਦੇ ਰਹੇ। ਇਸ ਦੌਰਾਨ ਮੌਕਾ ਪਾ ਕੇ ਮੁਲਜ਼ਮ ਬਲਰਾਜ ਨੇ ਉਸ ਦੀ ਮਾਸੂਮ ਬੱਚੀ ਨੂੰ ਟਾਫੀ ਦੇਣ ਦੇ ਬਹਾਨੇ ਕਮਰੇ ਵਿਚ ਬੁਲਾਇਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਮਾਸੂਮ ਬੱਚੀ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਵਿਹੜੇ ਦੇ ਬਾਕੀ ਕਮਰਿਆਂ ਵਿਚ ਰਹਿਣ ਵਾਲੇ ਪਰਿਵਾਰ ਬਲਰਾਜ ਦੇ ਕਮਰੇ ਵਿਚ ਪਹੁੰਚੇ ਤਾਂ ਉਥੋਂ ਦਾ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਏ। ਇਸ ਤੋਂ ਪਹਿਲਾਂ ਕਿ ਮੁਲਜ਼ਮ ਉਥੋਂ ਭੱਜਦਾ, ਉਸ ਨੂੰ ਦਬੋਚ ਲਿਆ ਤੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ। 
ਪੁਲਸ ਨੇ ਮੁਲਜ਼ਮ ਖਿਲਾਫ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੀੜਤ ਦੀ ਬੱਚੀ ਦੀ ਖਰਾਬ ਹਾਲਤ ਨੂੰ ਦੇਖ ਕੇ ਹਸਪਤਾਲ ਇਲਾਜ ਲਈ ਭੇਜ ਦਿੱਤਾ। ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।


Related News