ਨਸ਼ੇ ਨੇ ਪੁੱਤ ਨੂੰ ਬਣਾਇਆ ਕਾਤਲ! ਬੋਲੇਰੋ ਚੜ੍ਹਾ ਕੇ ਕਰ''ਤਾ ਪਿਓ ਦਾ ਕਤਲ

Tuesday, May 05, 2026 - 09:45 PM (IST)

ਨਸ਼ੇ ਨੇ ਪੁੱਤ ਨੂੰ ਬਣਾਇਆ ਕਾਤਲ! ਬੋਲੇਰੋ ਚੜ੍ਹਾ ਕੇ ਕਰ''ਤਾ ਪਿਓ ਦਾ ਕਤਲ

ਬਠਿੰਡਾ (ਵਿਜੇ ਵਰਮਾ) : ਨਸ਼ੇ ਦੀ ਲਤ ਨੇ ਇੱਕ ਪੁੱਤ ਨੂੰ ਇਸ ਕਦਰ ਹੈਵਾਨ ਬਣਾ ਦਿੱਤਾ ਕਿ ਉਸਨੇ ਆਪਣੇ ਹੀ ਪਿਤਾ ਨੂੰ ਬੋਲੇਰੋ ਗੱਡੀ ਹੇਠਾਂ ਕੁਚਲ ਕੇ ਮਾਰ ਦਿੱਤਾ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸੀੰਗੋ ਵਿੱਚ ਵਾਪਰੇ ਇਸ ਦਹਿਲਾ ਦੇਣ ਵਾਲੇ ਕਤਲਕਾਂਡ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਮੁਲਜ਼ਮ ਨੇ ਸਿਰਫ ਪਿਤਾ ਹੀ ਨਹੀਂ, ਸਗੋਂ ਉਸਨੂੰ ਸਮਝਾਉਣ ਵਾਲੇ ਪਿੰਡ ਵਾਸੀਆਂ ਨੂੰ ਵੀ ਨਿਸ਼ਾਨਾ ਬਣਾਇਆ। ਪੁਲਸ ਨੇ ਵਾਰਦਾਤ ਤੋਂ ਕੇਵਲ 24 ਘੰਟਿਆਂ ਵਿੱਚ ਮੁਲਜ਼ਮ ਗੁਲਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੁਲਾਬ ਸਿੰਘ ਨਸ਼ੇ ਦਾ ਆਦੀ ਸੀ ਅਤੇ ਆਪਣੀ ਆਦਤ ਪੂਰੀ ਕਰਨ ਲਈ ਘਰ ਦਾ ਸਮਾਨ ਤੱਕ ਵੇਚ ਚੁੱਕਾ ਸੀ। ਕੁਝ ਸਮਾਂ ਪਹਿਲਾਂ ਉਸਨੇ ਘਰ ਵਿੱਚੋਂ ਵਾਸ਼ਿੰਗ ਮਸ਼ੀਨ ਚੋਰੀ ਕਰਕੇ ਵੇਚ ਦਿੱਤੀ ਸੀ। ਇਸ ਗੱਲ ਦਾ ਪਤਾ ਲੱਗਣ ‘ਤੇ ਉਸਦੇ ਪਿਤਾ ਜੰਟਾ ਸਿੰਘ ਨੇ ਪਿੰਡ ਦੇ ਮਾਣਯੋਗ ਵਿਅਕਤੀ ਡੋਗਰ ਸਿੰਘ ਨੂੰ ਇਸ ਬਾਰੇ ਦੱਸਿਆ ਸੀ। ਡੋਗਰ ਸਿੰਘ ਨੇ ਗੁਲਾਬ ਸਿੰਘ ਨੂੰ ਬੁਲਾ ਕੇ ਸਖ਼ਤ ਫਟਕਾਰ ਲਗਾਈ ਅਤੇ ਭਵਿੱਖ ਵਿੱਚ ਅਜਿਹੀ ਹਰਕਤ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ। ਪੁਲਸ ਮੁਤਾਬਕ ਇਹੀ ਗੱਲ ਗੁਲਾਬ ਸਿੰਘ ਦੇ ਦਿਲ ਵਿੱਚ ਰੰਜਿਸ਼ ਬਣ ਕੇ ਬੈਠ ਗਈ ਅਤੇ ਉਸਨੇ ਬਦਲਾ ਲੈਣ ਦੀ ਠਾਨ ਲਈ।

ਪੁਲਸ ਦੇ ਅਨੁਸਾਰ 2 ਮਈ ਨੂੰ ਮੁਲਜ਼ਮ ਬੋਲੇਰੋ ਪਿਕਅੱਪ ਲੈ ਕੇ ਆਇਆ ਅਤੇ ਜਾਨਬੁੱਝ ਕੇ ਆਪਣੇ ਪਿਤਾ ਜੰਟਾ ਸਿੰਘ ਅਤੇ ਡੋਗਰ ਸਿੰਘ ਉੱਤੇ ਗੱਡੀ ਚੜ੍ਹਾ ਦਿੱਤੀ। ਇਸ ਦੌਰਾਨ ਉੱਥੇ ਮੌਜੂਦ ਸੁਖਦੇਵ ਸਿੰਘ ਵੀ ਗੱਡੀ ਦੀ ਚਪੇਟ ਵਿੱਚ ਆ ਗਿਆ। ਹਮਲੇ ਵਿੱਚ ਜੰਟਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਡੋਗਰ ਸਿੰਘ ਅਤੇ ਸੁਖਦੇਵ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਥਾਣਾ ਤਲਵੰਡੀ ਸਾਬੋ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਵੱਡੇ ਪੁੱਤ ਗੁਰਜਿੰਦਰ ਸਿੰਘ ਦੇ ਬਿਆਨਾਂ ‘ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ।

ਐੱਸਐੱਸਪੀ ਬਠਿੰਡਾ ਦੇ ਨਿਰਦੇਸ਼ਾਂ ‘ਤੇ ਬਣਾਈ ਗਈ ਖ਼ਾਸ ਟੀਮ ਨੇ ਤਕਨੀਕੀ ਅਤੇ ਮਾਨਵੀ ਸੂਤਰਾਂ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ। ਵਾਰਦਾਤ ਵਿੱਚ ਵਰਤੀ ਗਈ ਬੋਲੇਰੋ ਪਿਕਅੱਪ ਵੀ ਬਰਾਮਦ ਕਰ ਲਈ ਗਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਦਾ ਪਹਿਲਾਂ ਕੋਈ ਵੱਡਾ ਅਪਰਾਧਿਕ ਰਿਕਾਰਡ ਨਹੀਂ ਸੀ, ਪਰ ਨਸ਼ੇ ਦੀ ਲਤ ਨੇ ਉਸਨੂੰ ਇੰਨਾ ਦਰਿੰਦਾ ਬਣਾ ਦਿੱਤਾ ਕਿ ਉਸਨੇ ਆਪਣੇ ਹੀ ਪਿਤਾ ਦੀ ਜਾਨ ਲੈ ਲਈ। ਹੁਣ ਪੁਲਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ ਤਾਂ ਜੋ ਮਾਮਲੇ ਦੇ ਹੋਰ ਪੱਖਾਂ ਦੀ ਵੀ ਜਾਂਚ ਕੀਤੀ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News