ਡਿਊਟੀ ਤੋਂ ਘਰ ਵਾਪਸ ਜਾਂਦੇ ਸਮੇਂ ਸਕਿਓਰਿਟੀ ਗਾਰਡ ਨੂੰ ਪਿਆ ਦਿਲ ਦਾ ਦੌਰਾ, ਮੌਤ

Saturday, May 02, 2026 - 11:14 AM (IST)

ਡਿਊਟੀ ਤੋਂ ਘਰ ਵਾਪਸ ਜਾਂਦੇ ਸਮੇਂ ਸਕਿਓਰਿਟੀ ਗਾਰਡ ਨੂੰ ਪਿਆ ਦਿਲ ਦਾ ਦੌਰਾ, ਮੌਤ

ਬਠਿੰਡਾ (ਮਨਜੀਤ) : ਬਠਿੰਡਾ-ਡੱਬਵਾਲੀ ਭਾਰਤ ਮਾਲਾ ਸੜਕ ’ਤੇ ਪੈਂਦੇ ਪਿੰਡ ਗੁਰੂਸਰ ਸੈਣੇਵਾਲਾ ਨੇੜੇ ਵੱਡੀ ਘਟਨਾ ਵਾਪਰੀ ਹੈ, ਜਿੱਥੇ ਡਿਊਟੀ ਤੋਂ ਵਾਪਸ ਆਪਣੇ ਪਿੰਡ ਆ ਰਹੇ ਇਕ ਸਕਿਓਰਿਟੀ ਗਾਰਡ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਚਾਨਕ ਵਾਪਰੇ ਹਾਦਸੇ ਨੇ ਨਾ ਸਿਰਫ ਪਰਿਵਾਰ ਨੂੰ ਸਦਮੇ ’ਚ ਧੱਕ ਦਿੱਤਾ ਹੈ, ਸਗੋਂ ਪਿੰਡ ’ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਾਸੀ ਪਿੰਡ ਗਹਿਰੀ ਬੁੱਟਰ (ਬਠਿੰਡਾ) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਬੀਰ ਸਿੰਘ ਇਕ ਨਿੱਜੀ ਪੈਲੇਸ ’ਚ ਸਕਿਓਰਿਟੀ ਗਾਰਡ ਵਜੋਂ ਨੌਕਰੀ ਕਰਦਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਨਿਭਾਉਣ ਤੋਂ ਬਾਅਦ ਮੋਟਰਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਗੁਰੂਸਰ ਸੈਣੇਵਾਲਾ ਪਿੰਡ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਦਿਲ ਦਾ ਦੌਰਾ ਪਿਆ। ਦੌਰੇ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਮੋਟਰਸਾਈਕਲ ਤੋਂ ਸੜਕ ’ਤੇ ਹੇਠਾਂ ਡਿੱਗ ਪਿਆ।

ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਫੌਰੀ ਤੌਰ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਪਰ ਦੁੱਖ ਦੀ ਗੱਲ ਇਹ ਰਹੀ ਕਿ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਬਲਬੀਰ ਸਿੰਘ ਦੀ ਮੌਤ ਹੋ ਚੁੱਕੀ ਸੀ। ਸੜਕ ਸੁਰੱਖਿਆ ਫੋਰਸ ਦੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਇਹ ਮਾਮਲਾ ਦਿਲ ਦੇ ਦੌਰੇ ਨਾਲ ਮੌਤ ਦਾ ਲੱਗਦਾ ਹੈ, ਹਾਲਾਂਕਿ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਇਸ ਤੋਂ ਬਾਅਦ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਥਾਣਾ ਸੰਗਤ ਦੀ ਪੁਲਸ ਵੱਲੋਂ ਮਾਮਲੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਪਿੰਡ ਗਹਿਰੀ ਬੁੱਟਰ ਵਿਖੇ ਆਪਣੇ ਸਹੁਰੇ ਘਰ ਰਹਿੰਦਾ ਸੀ ਅਤੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਮਿਹਨਤ ਮਜ਼ਦੂਰੀ ਕਰ ਰਿਹਾ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਵਾਸੀਆਂ ਅਤੇ ਜਾਣ-ਪਛਾਣ ਵਾਲਿਆਂ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਆਰਥਿਕ ਮਦਦ ਪ੍ਰਦਾਨ ਕੀਤੀ ਜਾਵੇ।


author

Babita

Content Editor

Related News