ਬਜ਼ੁਰਗ ਸੁਰਜਨ ਸਿੰਘ ਨੇ ਕੀਤੀ ਇਨਸਾਫ਼ ਦੀ ਮੰਗ

08/12/2017 6:40:08 AM

ਝਬਾਲ,  (ਹਰਬੰਸ ਲਾਲੂਘੁੰਮਣ)- ਜ਼ਿਲਾ ਤਰਨਤਾਰਨ ਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਵਿਰੁੱਧ ਗੰਭੀਰ ਦੋਸ਼ ਲਾਉਂਦਿਆਂ ਪਿੰਡ ਰੱਖ ਸਰਾਏ ਅਮਾਨਤ ਖਾਂ ਦੇ ਵਾਸੀ ਇਕ 85 ਸਾਲਾ ਬਜ਼ੁਰਗ ਸੁਰਜਨ ਸਿੰਘ ਪੁੱਤਰ ਅਮਰ ਸਿੰਘ ਨੇ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਕੁਝ ਰਿਟਾਇਰਡ ਅਤੇ ਡਿਊਟੀ 'ਤੇ ਤਾਇਨਾਤ ਪੁਲਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਕੱਢੇ ਗਏ ਪੱਤਰਾਂ 'ਚ ਬਜ਼ੁਰਗ ਸੁਰਜਨ ਸਿੰਘ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਦੇ ਪਰਿਵਾਰ ਦੇ 17 ਮੈਂਬਰਾਂ 'ਤੇ ਪੁਲਸ ਵੱਲੋਂ ਜਿੱਥੇ ਪ੍ਰਤੀ ਮੈਂਬਰ ਦੋ-ਦੋ ਸਮੱਗਲਿੰਗ ਦੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ ਉਨ੍ਹਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲੀ ਹੋਈ ਹੈ।
ਉਥੇ ਹੀ ਜਦੋਂ ਉਹ ਦਰਜ ਕੇਸਾਂ ਦੇ ਮਾਮਲਿਆਂ 'ਚ ਘਰੋਂ ਬਾਹਰ ਸਨ ਤਾਂ ਪਿੱਛੋਂ ਪੁਲਸ ਦੇ ਡੀ. ਐੱਸ. ਪੀ. ਰੈਂਕ, ਇੰਸਪੈਕਟਰ ਰੈਂਕ, ਸਬ-ਇੰਸਪੈਕਟਰ ਰੈਂਕ ਅਤੇ ਹੋਰ ਮੁਲਾਜ਼ਮਾਂ ਵਲੋਂ ਉਨ੍ਹਾਂ ਦੇ ਘਰੋਂ 15 ਮੱਝਾਂ, 5 ਗਾਵਾਂ, 2 ਘੋੜੀਆਂ, ਇਕ ਟਰਾਲੀ-ਟਰੈਕਟਰ, ਇਕ ਐੱਲ. ਸੀ. ਡੀ., ਤਿੰਨ ਕੋਠੀਆਂ 'ਚ ਲੱਗੇ ਚਾਰ ਇਨਵਰਟਰ, ਇਕ ਜਨਰੇਟਰ, 4 ਵਾਸ਼ਿੰਗ ਮਸ਼ੀਨਾਂ, 2 ਫਰਿਜਾਂ ਅਤੇ ਘਰ 'ਚੋਂ ਹੋਰ ਕੀਮਤੀ ਸਾਮਾਨ ਗਾਇਬ ਕਰ ਲਿਆ ਗਿਆ ਹੈ। 
ਉਸ ਨੇ ਦੱਸਿਆ ਕਿ ਉਹ ਜਦੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਤਾਂ ਟਰੈਕਟਰ ਪਿੰਡ ਘਸੀਟਪੁਰਾ ਦੇ ਵਾਸੀ ਇਕ ਪੁਲਸ ਮੁਲਾਜ਼ਮ ਦੇ ਘਰੋਂ ਪੰਚਾਇਤ ਦੀ ਹਾਜ਼ਰੀ 'ਚ ਬਰਾਮਦ ਕਰ ਲਿਆ ਗਿਆ ਪਰ ਬਾਕੀ ਸਾਮਾਨ ਅਤੇ ਕੀਮਤੀ ਪਸ਼ੂ ਪੁਲਸ ਵਲੋਂ ਉਨ੍ਹਾਂ ਨੂੰ ਨਹੀਂ ਦਿੱਤੇ ਜਾ ਰਹੇ। ਉਸ ਨੇ ਕਿਹਾ ਕਿ ਉਸ ਨੂੰ ਖਦਸ਼ਾ ਹੈ ਕਿ ਪੁਲਸ ਉਸ ਅਤੇ ਉਸ ਦੇ ਪਰਿਵਾਰ ਨੂੰ ਝੂਠੇ ਕੇਸਾਂ 'ਚ ਮੁੜ ਫਸਾ ਸਕਦੀ ਹੈ। 


Related News