ਰਾਜਨਾਥ ਸਿੰਘ ਨੇ ਸਿਆਚਿਨ ਦਾ ਕੀਤਾ ਦੌਰਾ, ਫ਼ੌਜੀ ਤਿਆਰੀਆਂ ਦੀ ਕੀਤੀ ਸਮੀਖਿਆ

04/22/2024 2:12:20 PM

ਲੱਦਾਖ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਦਾ ਸੋਮਵਾਰ ਯਾਨੀ ਕਿ ਅੱਜ ਦੌਰਾ ਕੀਤਾ ਅਤੇ ਖੇਤਰ ਵਿਚ ਫ਼ੌਜੀ ਤਿਆਰੀਆਂ ਦੀ ਸਮੀਖਿਆ ਕੀਤੀ। ਰਾਜਨਾਥ ਨੇ ਸਿਆਚਿਨ ਦਾ ਦੌਰਾ ਅਜਿਹੇ ਸਮੇਂ ਕੀਤਾ, ਜਦੋਂ ਰਣਨੀਤਕ ਰੂਪ ਨਾਲ ਮਹੱਤਵਪੂਰਨ ਇਸ ਖੇਤਰ ਵਿਚ ਭਾਰਤੀ ਫ਼ੌਜ ਦੀ ਮੌਜੂਦਗੀ ਨੂੰ ਇਕ ਹਫ਼ਤੇ ਪਹਿਲਾਂ 40 ਸਾਲ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਰੱਖਿਆ ਮੰਤਰੀ ਨੇ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨਾਲ ਖੇਤਰ ਦੀ ਸੁਰੱਖਿਆ ਸਮੀਖਿਆ ਕੀਤੀ। 

PunjabKesari

ਰਾਜਨਾਥ ਨੇ ਸਿਆਚਿਨ ਵਿਚ ਤਾਇਨਾਤ ਫ਼ੌਜੀਆਂ ਨਾਲ ਵੀ ਗੱਲਬਾਤ ਕੀਤੀ। ਕਾਰਾਕੋਰਮ ਪਰਬਤੀ ਲੜੀ ਵਿਚ ਲੱਗਭਗ 20,000 ਫੁੱਟ ਦੀ ਉੱਚਾਈ 'ਤੇ ਸਥਿਤ ਸਿਆਚਿਨ ਗਲੇਸ਼ੀਅਰ ਦੁਨੀਆ ਦੇ ਸਭ ਤੋਂ ਉੱਚੇ ਫ਼ੌਜੀ ਖੇਤਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਜਿੱਥੇ ਫ਼ੌਜੀਆਂ ਨੂੰ ਠੰਡ ਅਤੇ ਤੇਜ਼ ਹਵਾਵਾਂ ਨਾਲ ਜੂਝਣਾ ਪੈਂਦਾ ਹੈ। ਭਾਰਤੀ  ਫ਼ੌਜ ਨੇ ਆਪ੍ਰੇਸ਼ਨ ਮੇਘਦੂਤ ਤਹਿਤ ਅਪ੍ਰੈਲ 1984 ਵਿਚ ਸਿਆਚਿਨ 'ਤੇ ਆਪਣਾ ਪੂਰਨ ਕੰਟਰੋਲ ਸਥਾਪਤ ਕਰ ਲਿਆ ਸੀ। 

PunjabKesari

ਭਾਰਤੀ ਫ਼ੌਜ ਨੇ ਪਿਛਲੇ ਕੁਝ ਸਾਲਾਂ ਵਿਚ ਸਿਆਚਿਨ 'ਚ ਆਪਣੀ ਮੌਜੂਦਗੀ ਮਜ਼ਬੂਤ ਕੀਤੀ ਹੈ। ਪਿਛਲੇ ਸਾਲ ਜਨਵਰੀ ਵਿਚ ਫ਼ੌਜ ਦੇ ਕੋਰ ਆਫ਼ ਇੰਜੀਨੀਅਰਜ਼ ਦੀ ਕੈਪਟਨ ਸ਼ਿਵਾ ਚੌਹਾਨ ਨੂੰ ਸਿਆਚਿਨ ਵਿਚ ਇਕ ਮੋਹਰੀ ਚੌਕੀ 'ਤੇ ਤਾਇਨਾਤ ਕੀਤਾ ਗਿਆ। ਇਸ ਪ੍ਰਮੁੱਖ ਯੁੱਧ ਖੇਤਰ ਵਿਚ ਕਿਸੀ ਮਹਿਲਾ ਫ਼ੌਜੀ ਅਧਿਕਾਰੀ ਦੀ ਇਹ ਪਹਿਲੀ ਤਾਇਨਾਤੀ ਹੈ। ਫੌਜ ਦੇ ਇਕ ਅਧਿਕਾਰੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਸਿਆਚਿਨ ਗਲੇਸ਼ੀਅਰ 'ਤੇ ਭਾਰਤੀ ਫੌਜ ਦਾ ਕੰਟਰੋਲ ਨਾ ਸਿਰਫ ਬੇਮਿਸਾਲ ਬਹਾਦਰੀ ਅਤੇ ਦ੍ਰਿੜ ਇਰਾਦੇ ਦੀ ਕਹਾਣੀ ਹੈ, ਸਗੋਂ ਇਹ ਤਕਨੀਕੀ ਤਰੱਕੀ ਅਤੇ ਲੌਜਿਸਟਿਕਲ ਸੁਧਾਰਾਂ ਦੀ ਇਕ ਅਦੁੱਤੀ ਯਾਤਰਾ ਵੀ ਹੈ, ਜਿਸ ਨੇ ਇਸ ਨੂੰ ਸਭ ਤੋਂ ਵੱਧ ਬਦਲ ਦਿੱਤਾ ਹੈ। 


Tanu

Content Editor

Related News