ਸਿੱਖਿਆ ਪ੍ਰੋਵਾਈਡਰ 13 ਨੂੰ ਕਰੇਗੀ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
Wednesday, Aug 09, 2017 - 06:40 PM (IST)

ਸੁਲਤਾਨਪੁਰ ਲੋਧੀ(ਜੋਸ਼ੀ)— ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਸਮੂਹ ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ ਪੱਧਰ 'ਤੇ 13 ਅਗਸਤ ਨੂੰ ਦੀਨਾਨਗਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰੇਗੀ, ਇਸ ਸਬੰਧ 'ਚ ਮੰਗਲਵਾਰ ਨੂੰ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਸੁਲਤਾਨਪੁਰ ਲੋਧੀ ਦੀ ਇਕ ਵਿਸ਼ੇਸ਼ ਮੀਟਿੰਗ ਜਗਦੀਪ ਸਿੰਘ ਕੈਸ਼ੀਅਰ ਅਤੇ ਕਮਲਜੀਤ ਸਿੰਘ ਸੁਲਤਾਨਪੁਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਸਿੱਖਿਆ ਪ੍ਰੋਵਾਈਡਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰੋਵਾਈਡਰ ਅਧਿਆਪਕ ਪਿਛਲੇ 10 ਸਾਲਾਂ ਤੋਂ ਬਹੁਤ ਨਾਮਾਤਰ ਤਨਖਾਹਾਂ 'ਤੇ ਕੰਮ ਕਰ ਰਹੇ ਹਨ ਅਤੇ ਸਰਕਾਰਾਂ ਉਨ੍ਹਾਂ ਦਾ ਲਗਾਤਾਰ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਅਤੇ ਕੀਤੇ ਹੋਏ ਵਾਅਦਿਆਂ ਤੋਂ ਮੁਕਰ ਰਹੀ ਹੈ। ਇਸ ਮੌਕੇ ਕਮਲ ਸੁਲਤਾਨਪੁਰੀ ਨੇ ਕਿਹਾ ਕਿ 5 ਜੁਲਾਈ ਨੂੰ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨਾਲ ਪੈਨਲ ਮੀਟਿੰਗ ਹੋਈ ਸੀ। ਜਿਸ 'ਚ ਸਿੱਖਿਆ ਪ੍ਰੋਵਾਈਡਰਾਂ ਦੀ ਵਧੀ ਹੋਈ ਸੰਗਤਾਂ ਅਨੁਸਾਰ ਤਨਖਾਹ ਦੇਣ 2010 ਤੋਂ ਬਾਅਦ ਬੀ. ਐੱਡ. ਅਧਿਆਪਕਾਂ ਨੂੰ ਟੀ. ਈ. ਟੀ. ਤੋਂ ਛੋਟ ਦੀ ਫਾਈਲ ਦਿੱਲੀ ਭੇਜਣ ਦੀਆਂ ਮੰਗਾਂ ਮੰਨੀਆਂ ਗਈਆਂ ਹਨ। ਇਸ ਤੋਂ ਇਲਾਵਾ ਪੂਰਾ ਬੀ. ਆਰ. ਪੀ. ਫੰਡ ਅਧਿਆਪਕਾਂ 'ਚ ਜਾਰੀ ਕਰਨ ਦੀ ਮੰਗ ਵੀ ਮੰਨੀ ਗਈ ਸੀ ਪਰ ਉਪਰੋਕਤ ਮੰਗਾਂ ਹਾਲੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਿੱਖਿਆ ਪ੍ਰੋਵਾਈਡਰ ਪੰਜਾਬ ਪੱਧਰ 'ਤੇ ਦੀਨਾਨਗਰ ਵਿਖੇ 13 ਅਗਸਤ ਨੂੰ ਰੋਸ ਰੈਲੀ ਕਰਨਗੇ। ਸਰਬਜੀਤ ਸਿੰਘ ਨੀਤੂ ਬਾਲਾ, ਦਲਜੀਤ ਕੌਰ, ਮਲਕੀਤ ਕੌਰ, ਪਰਮਿੰਦਰ ਕੌਰ, ਬਲਜੀਤ ਕੌਰ, ਮਮਤਾ ਖਿਲਣ ਆਦਿ ਅਧਿਆਪਕ ਵੀ ਇਸ ਮੌਕੇ ਹਾਜ਼ਰ ਸਨ।