ਸਿੱਖਿਆ ਵਿਭਾਗ ਦਾ ਵਟਸਐਪ ਗਰੁੱਪ ਛੱਡਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

Saturday, Oct 13, 2018 - 09:00 AM (IST)

ਸਿੱਖਿਆ ਵਿਭਾਗ ਦਾ ਵਟਸਐਪ ਗਰੁੱਪ ਛੱਡਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਚੰਡੀਗੜ੍ਹ (ਭੁੱਲਰ)— ਪੰਜਾਬ ਦੇ ਸਿੱਖਿਆ ਵਿਭਾਗ ਵਿਚ ਆਏ ਦਿਨ ਜਾਰੀ ਕੀਤੇ ਜਾਂਦੇ ਨਵੇਂ-ਨਵੇਂ ਤੇ ਦਿਲਚਸ਼ਪ ਫਰਮਾਨਾਂ ਨੇ ਵੀ ਅਧਿਆਪਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਅੰਦੋਲਨਕਾਰੀ ਅਧਿਆਪਕਾਂ ਦੀਆਂ ਮੁਅੱਤਲੀਆਂ ਤੋਂ ਬਾਅਦ ਹੁਣ ਇਕ ਹੋਰ ਨਵਾਂ ਫਰਮਾਨ ਜਾਰੀ ਕਰਦਿਆਂ ਅਧਿਆਪਕਾਂ ਨੂੰ ਵਿਭਾਗ ਵੱਲੋਂ ਬਣਾਏ ਗਏ ਵਟਸਐਪ ਗਰੁੱਪ ਨਾਲ ਜੁੜੇ ਰਹਿਣ ਲਈ ਕਿਹਾ ਗਿਆ ਹੈ। ਪਿਛਲੇ ਦਿਨਾਂ 'ਚ ਇਸ ਗਰੁੱਪ ਨੂੰ ਅਧਿਆਪਕਾਂ ਵੱਲੋਂ ਵੱਡੀ ਗਿਣਤੀ ਵਿਚ ਛੱਡੇ ਜਾਣ ਦਾ ਵਿਭਾਗ ਦੇ ਉਚ ਅਧਿਕਾਰੀਆਂ ਨੇ ਸਖਤ ਨੋਟਿਸ ਲੈਂਦਿਆਂ ਹੁਣ ਅਜਿਹੇ ਅਧਿਆਪਕਾਂ ਖਿਲਾਫ਼ ਵੀ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਅਧਿਆਪਕਾਂ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਰਾਹੀਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਸਿੱਖਿਆ ਸਕੱਤਰ ਦੇ ਨਿਰਦੇਸ਼ਾਂ ਤਹਿਤ ਜਾਰੀ ਇਨ੍ਹਾਂ ਨੋਟਿਸਾਂ ਵਿਚ ਅਧਿਆਪਕਾਂ ਦੀ ਜਵਾਬ ਤਲਬੀ ਕਰਦਿਆਂ ਕਿਹਾ ਗਿਆ ਹੈ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਿਭਾਗ ਵੱਲੋਂ ਵਟਸਐਪ ਗਰੁਪ ਬਣਾਇਆ ਗਿਆ ਸੀ ਪਰ ਆਪ ਇਸ ਨੂੰ ਛੱਡ ਰਹੇ ਹੋ, ਜਿਸ ਤੋਂ ਸਪੱਸ਼ਟ ਹੈ ਕਿ ਆਪ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਸਹਿਯੋਗ ਨਹੀਂ ਦੇਣਾ  ਚਾਹੁੰਦੇ। ਇਹ ਸਰਕਾਰੀ ਹੁਕਮਾਂ ਦੀ ਉਲੰਘਣਾ ਹੈ, ਜਿਸ ਲਈ ਅਨੁਸ਼ਾਸਨੀ ਕਾਰਵਾਈ ਬਣਦੀ ਹੈ।


Related News