12ਵੀਂ ਦਾ ਗਣਿਤ ਦਾ ਪੇਪਰ ਰੱਦ ਹੋਣ ਕਾਰਨ ਵਿਦਿਆਰਥੀਆਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ
Wednesday, Mar 21, 2018 - 01:43 AM (IST)

ਫਿਰੋਜ਼ਪੁਰ(ਕੁਮਾਰ, ਮਨਦੀਪ, ਹਰਚਰਨ, ਬਿੱਟੂ, ਮਲਹੋਤਰਾ, ਕੁਲਦੀਪ, ਪਰਮਜੀਤ, ਸ਼ੈਰੀ)—ਸਿੱਖਿਆ ਵਿਭਾਗ ਪੰਜਾਬ ਦੀ ਨਾਲਾਇਕੀ ਕਾਰਨ ਅੱਜ 12ਵੀਂ ਕਲਾਸ ਦਾ ਗਣਿਤ ਦਾ ਪੇਪਰ ਲੀਕ ਹੋਣ ਕਾਰਨ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਵੇਂ ਹੀ ਵਿਦਿਆਰਥੀਆਂ ਨੂੰ ਪਤਾ ਲੱਗਾ ਕਿ ਪੇਪਰ ਲੀਕ ਹੋਣ ਕਾਰਨ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ ਤਾਂ ਵਿਦਿਆਰਥੀ ਮਯੂਸ ਹੋ ਗਏ। ਬੱਚਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਅੱਜ ਦੇ ਗਣਿਤ ਦੇ ਪੇਪਰ ਦੀ ਤਿਆਰੀ ਕੀਤੀ ਹੋਈ ਸੀ ਅਤੇ ਪੇਪਰ ਰੱਦ ਹੋਣ ਕਾਰਨ ਉਨ੍ਹਾਂ ਨੂੰ ਫਿਰ ਤੋਂ ਇਸ ਵਿਸ਼ੇ ਦੀ ਤਿਆਰੀ ਕਰਨੀ ਪਵੇਗੀ ਤੇ ਦੂਸਰੇ ਵਿਸ਼ਿਆਂ ਦੀ ਤਿਆਰੀ ਪੂਰੀ ਨਹੀਂ ਕਰ ਪਾਉਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੇ ਹੋਣ ਵਾਲੇ ਗਣਿਤ ਦੇ ਪੇਪਰ ਲੀਕ ਹੋਣ ਦੀ ਸਿੱਖਿਆ ਵਿਭਾਗ ਨੂੰ ਜਿਵੇਂ ਹੀ ਸੂਚਨਾ ਮਿਲੀ ਤਾਂ ਸਿੱਖਿਆ ਵਿਭਾਗ ਵੱਲੋਂ ਨਵਾਂ ਪੇਪਰ ਤਿਆਰ ਕਰ ਕੇ ਪੰਜਾਬ ਭਰ ਦੇ ਜ਼ਿਲਾ ਸਿੱਖਿਆ ਅਫਸਰਾਂ ਨੂੰ ਈ-ਮੇਲ ਭੇਜ ਦਿੱਤੀ ਗਈ, ਜਿਸ ਦੇ ਪ੍ਰਿੰਟ ਦੀ ਫੋਟੋ ਸਟੇਟ ਕਰਵਾ ਕੇ 12ਵੀਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਵਿਚ ਭੇਜ ਦਿੱਤੇ ਗਏ। ਈ-ਮੇਲ ਦਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਕੋਲ ਕੋਮਨ ਪਾਸਵਰਡ ਹੋਣ ਕਾਰਨ ਇਹ ਪੇਪਰ ਵੀ ਲੀਕ ਹੋ ਗਿਆ, ਜਿਸ ਕਾਰਨ ਅੱਜ ਦਾ ਗਣਿਤ ਦਾ ਪੇਪਰ ਰੱਦ ਕਰ ਕੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ।