ਦੁਸਹਿਰੇ ਵਾਲੇ ਦਿਨ ਚਿੱਟੇ ਨੇ ਬੁਝਾਇਆ ਘਰ ਦਾ ਇਕਲੌਤਾ ਦੀਪ

Friday, Oct 19, 2018 - 05:45 PM (IST)

ਦੁਸਹਿਰੇ ਵਾਲੇ ਦਿਨ ਚਿੱਟੇ ਨੇ ਬੁਝਾਇਆ ਘਰ ਦਾ ਇਕਲੌਤਾ ਦੀਪ

ਜ਼ੀਰਾ (ਦਵਿੰਦਰ ਅਕਾਲੀਆਂਵਾਲਾ, ਤੀਰਥ) : ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਵਕੀਲਾਂ ਵਾਲਾ 'ਚ ਦੁਸਹਿਰੇ ਵਾਲੇ ਦਿਨ ਇਕ ਨੌਜਵਾਨ ਚਿੱਟੇ ਦੀ ਭੇਟ ਚੜ੍ਹਦਾ ਹੋਇਆ ਸਿਵਿਆਂ ਦੇ ਰਾਹ ਪੈ ਗਿਆ। ਮ੍ਰਿਤਕ ਜਗਦੀਪ ਸਿੰਘ ਮਾਤਾ ਗੁਰਮੀਤ ਕੌਰ ਅਤੇ ਪਿਤਾ ਇਕਬਾਲ ਸਿੰਘ ਦਾ ਇਕਲੌਤਾ ਪੁੱਤਰ ਸੀ ਜੋ ਦੁਸਹਿਰੇ ਵਾਲੇ ਦਿਨ ਚਿੱਟੇ ਦੇ ਨਸ਼ੇ ਕਾਰਨ ਆਪਣੀ ਜ਼ਿੰਦਗੀ ਦਾ ਦੀਪ ਬੁਝਾ ਗਿਆ। ਦੱਸ ਦਈਏ ਕਿ ਜਗਦੀਪ ਸਿੰਘ ਨਸ਼ੇ ਕਰਨ ਦਾ ਆਦੀ ਸੀ, ਉਸ ਨੇ ਚਿੱਟੇ ਦਾ ਨਸ਼ਾ ਹੱਦ ਤੋਂ ਵੱਧ ਕਰ ਲਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਜਗਦੀਪ ਪਿਛਲੇ ਤਿੰਨ ਚਾਰ ਸਾਲ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ। ਜਗਦੀਪ ਦੀ ਮੌਤ ਨੂੰ ਲੈ ਕੇ ਪਿੰਡ 'ਚ ਜਿੱਥੇ ਮਾਤਮ ਛਾ ਗਿਆ, ਉੱਥੇ ਉਸ ਦੇ ਚਾਚੇ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਕੀਲਾਂ ਵਾਲਾ 'ਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਸਰਕਾਰ ਅਤੇ ਪੁਲਸ ਪ੍ਰਸ਼ਾਸਨ ਇਸ 'ਤੇ ਕਾਬੂ ਪਾਉਣ 'ਚ ਫ਼ੇਲ ਸਾਬਿਤ ਹੋਈ ਹੈ। 

ਕਦੋਂ ਤੱਕ ਮਾਵਾਂ ਦੇ ਵੈਣ ਸੁਣਨਗੀਆਂ ਸਰਕਾਰਾਂ
ਪਿ
ਛਲੇ ਕਈ ਮਹੀਨੇ ਤੋਂ ਜ਼ਿਲਾ ਫ਼ਿਰੋਜ਼ਪੁਰ 'ਚ ਚਿੱਟੇ ਦੇ ਨਸ਼ੇ ਕਾਰਨ ਕਈ ਘਰਾਂ 'ਚ ਸੱਥਰ ਵਿਛ ਚੁੱਕੇ ਹਨ ਅਤੇ ਅੱਜ ਜ਼ੀਰਾ ਹਲਕੇ ਦੇ ਪਿੰਡ ਵਕੀਲਾਂ ਵਾਲਾ 'ਚ ਵੀ ਦੁਸਹਿਰੇ ਵਾਲੇ ਦਿਨ ਉਸ ਮਾਂ ਦੇ ਵੈਣ ਸਭ ਦੇ ਦਿਲ ਨੂੰ ਚੀਰ ਰਹੇ ਸਨ। 22 ਸਾਲਾ ਇਸ ਨੌਜਵਾਨ ਦੀ ਭੈਣ ਵਿਦੇਸ਼ 'ਚ ਪਰਿਵਾਰ ਦੀ ਰੋਜ਼ੀ ਰੋਟੀ ਲਈ ਗਈ ਹੋਈ ਹੈ ਜਦਕਿ ਜਿਸ ਨੇ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ ਉਹ ਨਸ਼ਿਆਂ ਦੀ ਲੱਤ ਕਾਰਨ ਅੱਜ ਸਿਵਿਆਂ ਦੇ ਰਾਹ ਪੈ ਗਿਆ ਹੈ। 

PunjabKesari

ਜਿਵੇਂ ਮੇਰਾ ਘਰ ਉਜੜਿਆ ਹੋਰ ਕਿਸੇ ਦਾ ਘਰ ਨਾ ਉਜੜੇ : ਮਾਤਾ ਗੁਰਮੀਤ ਕੌਰ 
ਮ੍ਰਿਤਕ ਜਗਦੀਪ ਸਿੰਘ ਦੀ ਮਾਤਾ ਗੁਰਮੀਤ ਕੌਰ ਇਹੋ ਵਾਰ-ਵਾਰ ਆਖਦੀ ਰਹੀ ਕਿ ਸਾਡੇ ਪਿੰਡ ਵਕੀਲਾਂ ਵਾਲਾ 'ਚ ਗੋਲੀਆਂ ਅਤੇ ਚਿੱਟੇ ਦਾ ਨਸ਼ਾ ਸ਼ਰੇਆਮ ਵਿਕਦਾ ਹੈ। ਮੈਨੂੰ ਦੋ ਬੱਚੇ ਰੱਬ ਨੇ ਦਿੱਤੇ ਸੀ, ਜਿਨ੍ਹਾਂ 'ਚ ਇਕ ਧੀ, ਜੋ ਵਿਦੇਸ਼ 'ਚ ਗਈ ਹੋਈ ਹੈ ਅਤੇ ਇਕ ਪੁੱਤਰ ਸੀ ਜੋ ਨਸ਼ਿਆਂ ਦੀ ਭੇਟ ਚੜ੍ਹ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਤਾਂ ਬਦਲੀਆਂ ਪਰ ਸਾਡੇ ਪਿੰਡ ਦੀ ਤਕਦੀਰ ਨਹੀਂ ਬਦਲੀ।

 

 


Related News