ਮਿਲਾਵਟੀ ਮਠਿਆਈਆਂ ਵੇਚਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ: ਡੀ. ਸੀ.

09/30/2017 11:17:21 AM

ਹੁਸ਼ਿਆਰਪੁਰ(ਘੁੰਮਣ)— ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮਿਲਾਵਟੀ ਮਠਿਆਈਆਂ, ਖਰਾਬ ਫਲ, ਸਬਜ਼ੀਆਂ ਅਤੇ ਦਾਲਾਂ ਸਮੇਤ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪਿਛਲੇ ਮਹੀਨੇ ਦੌਰਾਨ ਸਿਹਤ ਵਿਭਾਗ ਵੱਲੋਂ ਖਾਣ-ਪੀਣ ਦੀਆਂ ਚੀਜ਼ਾਂ ਦੇ ਕਰੀਬ 70 ਸੈਂਪਲ ਭਰੇ ਗਏ ਸਨ, ਜਿਨ੍ਹਾਂ 'ਚੋਂ 16 ਦੀ ਰਿਪੋਰਟ ਮਿਲਣ ਉਪਰੰਤ ਫੇਲ ਹੋਣ ਵਾਲੇ 4 ਸੈਂਪਲਾਂ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟੀ ਮਠਿਆਈਆਂ ਅਤੇ ਖਰਾਬ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਵਿਕਰੀ ਦੀ ਸੰਭਾਵਨਾ ਵਧ ਜਾਂਦੀ ਹੈ। ਜ਼ਿਲੇ ਵਿਚ ਨਕਲੀ ਮਠਿਆਈਆਂ ਅਤੇ ਹੋਰ ਖਰਾਬ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲਿਆਂ ਦੀ ਨਕੇਲ ਕੱਸਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜ਼ਿਲੇ ਵਿਚ ਸਖਤੀ ਨਾਲ ਕਦਮ ਚੁੱਕੇ ਜਾਣਗੇ ਅਤੇ ਸੈਂਪਲ ਭਰ ਕੇ ਲੈਬਾਰਟਰੀ ਵਿਚ ਭੇਜੇ ਜਾਣਗੇ। ਜੋ ਸੈਂਪਲ ਫੂਡ ਸੇਫਟੀ ਐਕਟ ਦੇ ਮਾਪਦੰਡਾਂ 'ਤੇ ਖਰਾ ਨਹੀਂ ਉਤਰੇਗਾ, ਉਸ ਦੁਕਾਨਦਾਰ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜਿਸ ਵਿਚ ਜ਼ਿਲਾ ਸਿਹਤ ਅਫ਼ਸਰ ਤੋਂ ਇਲਾਵਾ ਇਕ ਫੂਡ ਸੇਫਟੀ ਅਫਸਰ ਅਤੇ ਬਾਕੀ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਜ਼ਿਲੇ ਵਿਚ ਹਰ ਰੋਜ਼ ਸੰਭਾਵਿਤ ਮਿਲਾਵਟੀ ਮਠਿਆਈਆਂ ਅਤੇ ਖਰਾਬ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸੈਂਪਲਿੰਗ ਕਰੇਗੀ। ਜੇਕਰ ਜ਼ਿਲੇ ਵਿਚ ਕੋਈ ਵੀ ਹਲਵਾਈ, ਵਪਾਰੀ, ਫਲ ਵਿਕਰੇਤਾ ਜਾਂ ਹੋਰ ਖਾਣ-ਪੀਣ ਵਾਲੀਆਂ ਖਰਾਬ ਚੀਜ਼ਾਂ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਿਹਤ ਵਿਭਾਗ ਵੱਲੋਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਤਿਉਹਾਰਾਂ ਦੇ ਮੱਦੇਨਜ਼ਰ ਕੀਤੈ ਵਿਸ਼ੇਸ਼ ਟੀਮ ਦਾ ਗਠਨ : ਜ਼ਿਲਾ ਸਿਹਤ ਅਫਸਰ 
ਇਸ ਦੌਰਾਨ ਜ਼ਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲੇ ਵਿਚ ਇਕ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਮਿਲਾਵਟੀ ਮਠਿਆਈਆਂ ਅਤੇ ਖਰਾਬ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 
ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵਪਾਰੀ ਖਰਾਬ ਮਠਿਆਈ ਜਾਂ ਖਰਾਬ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਦਾ ਹੈ ਤਾਂ ਇਸ ਦੀ ਸੂਚਨਾ ਸਿਵਲ ਸਰਜਨ ਦਫਤਰ ਦੇ ਸੰਪਰਕ ਨੰਬਰ 01882-252170 'ਤੇ ਦਿੱਤੀ ਜਾ ਸਕਦੀ ਹੈ।


Related News