ਚੇਨਈ ''ਚ ਮਾਂ ਦਾ ਦੁੱਧ ਵੇਚਣ ਵਾਲੀ ਦੁਕਾਨ ਸੀਲ, ਇਨ੍ਹਾਂ ਨਿਯਮਾਂ ਦੀ ਉਲੰਘਣਾਂ ਦੇ ਦੋਸ਼ ''ਚ ਹੋਈ ਕਾਰਵਾਈ

Saturday, Jun 01, 2024 - 12:39 PM (IST)

ਚੇਨਈ ''ਚ ਮਾਂ ਦਾ ਦੁੱਧ ਵੇਚਣ ਵਾਲੀ ਦੁਕਾਨ ਸੀਲ, ਇਨ੍ਹਾਂ ਨਿਯਮਾਂ ਦੀ ਉਲੰਘਣਾਂ ਦੇ ਦੋਸ਼ ''ਚ ਹੋਈ ਕਾਰਵਾਈ

ਚੇਨੱਈ - ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੇ ਮਾਂ ਦਾ ਦੁੱਧ ਵੇਚਣ ਦੇ ਦੋਸ਼ 'ਚ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਮਾਧਵਰਮ 'ਚ ਇਕ ਪ੍ਰੋਟੀਨ ਪਾਊਡਰ ਦੀ ਦੁਕਾਨ ਨੂੰ ਸੀਲ ਕਰ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ ਦੁਕਾਨ ਮਾਲਕ ਨੇ ਪ੍ਰੋਟੀਨ ਪਾਊਡਰ ਵੇਚਣ ਦਾ ਲਾਇਸੈਂਸ ਲਿਆ ਸੀ ਪਰ ਉਹ ਕਥਿਤ ਤੌਰ 'ਤੇ ਮਾਂ ਦਾ ਦੁੱਧ ਵੇਚ ਰਿਹਾ ਸੀ।

ਇਸ ਦੁਕਾਨ ਤੋਂ ਮਾਂ ਦੇ ਦੁੱਧ ਦੀ 50 ਮਿਲੀਲੀਟਰ ਦੀ ਬੋਤਲ 500 ਰੁਪਏ ਵਿੱਚ ਵੇਚੀ ਜਾ ਰਹੀ ਸੀ। ਸ਼ੁੱਕਰਵਾਰ ਨੂੰ ਛਾਪੇਮਾਰੀ ਦੌਰਾਨ ਦੁਕਾਨ ਤੋਂ ਮਾਂ ਦੇ ਦੁੱਧ ਨਾਲ ਭਰੀਆਂ ਕਰੀਬ 50 ਬੋਤਲਾਂ ਜ਼ਬਤ ਕੀਤੀਆਂ ਗਈਆਂ। ਪਿਛਲੇ ਹਫਤੇ, ਕੇਂਦਰੀ ਲਾਇਸੈਂਸਿੰਗ ਅਥਾਰਟੀ ਨੂੰ ਸ਼ਿਕਾਇਤ ਮਿਲੀ ਸੀ ਕਿ ਮਾਧਵਰਮ ਵਿੱਚ ਵਿਕਰੀ ਲਈ ਮਾਂ ਦੇ ਦੁੱਧ ਦਾ ਸਟਾਕ ਕੀਤਾ ਗਿਆ ਹੈ।

ਅਧਿਕਾਰੀ ਨੇ ਕਿਹਾ, “ਸਾਨੂੰ ਮਾਂ ਦਾ ਦੁੱਧ ਬੋਤਲਾਂ ਵਿੱਚ ਪੈਕ ਹੋਇਆ ਮਿਲਿਆ। ਨਮੂਨੇ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਗਏ ਹਨ।'' ਛਾਪੇਮਾਰੀ ਦੌਰਾਨ ਅਧਿਕਾਰੀਆਂ ਨੂੰ ਉਨ੍ਹਾਂ ਲੋਕਾਂ ਦੇ ਮੋਬਾਈਲ ਫੋਨ ਨੰਬਰ ਮਿਲੇ, ਜਿਨ੍ਹਾਂ ਨੇ ਮਾਂ ਦਾ ਦੁੱਧ ਦਾਨ ਕੀਤਾ ਸੀ। ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਨੇ ਕਿਹਾ,'ਅਸੀਂ ਦੁਕਾਨ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਮਾਮਲੇ ਵਿਚ ਨਿਯਮਾਂ ਦੀ ਉਲੰਘਣਾਂ ਕਰਨ ਦੇ ਦੋਸ਼ 'ਚ ਕਾਰਵਾਈ ਕੀਤੀ ਜਾਵੇਗੀ। '

ਇਹ ਪਹਿਲੀ ਵਾਰ ਹੈ ਜਦੋਂ ਚੇਨਈ ਵਿੱਚ ਮਾਂ ਦਾ ਦੁੱਧ ਵੇਚਿਆ ਜਾ ਰਿਹਾ ਹੈ ਅਤੇ ਇਹ ਘਟਨਾ ਕਰਨਾਟਕ ਵਿੱਚ ਮਾਂ ਦੇ ਦੁੱਧ ਦੀ ਵਿਕਰੀ 'ਤੇ ਪਾਬੰਦੀ ਦੇ ਤੁਰੰਤ ਬਾਅਦ ਹੋਈ ਹੈ। ਦੇਸ਼ ਦੇ ਫੂਡ ਰੈਗੂਲੇਟਰ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ (FSSAI) ਨੇ 24 ਮਈ ਨੂੰ ਜਾਰੀ ਇੱਕ ਐਡਵਾਈਜ਼ਰੀ ਵਿੱਚ ਮਾਂ ਦੇ ਦੁੱਧ ਦੇ ਅਣਅਧਿਕਾਰਤ ਵਪਾਰੀਕਰਨ ਦੇ ਖਿਲਾਫ ਚਿਤਾਵਨੀ ਦਿੱਤੀ ਸੀ। ਦੁਕਾਨ ਮਾਲਕ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸੇਵਾ ਭਾਵਨਾ ਵਿੱਚ ਮਾਂ ਦਾ ਦੁੱਧ ਖਰੀਦ ਰਿਹਾ ਸੀ।


author

Harinder Kaur

Content Editor

Related News