ਭਰਾ ਵੱਲੋਂ ਨੌਕਰੀ ਖੋਹਣ ਦੀ ਧਮਕੀ ਤੋਂ ਦੁਖੀ ਚੌਕੀਦਾਰ ਨੇ ਨਿਗਲੀ ਕੀਟਨਾਸ਼ਕ ਦਵਾਈ

08/20/2018 6:36:07 AM

 ਸਮਾਣਾ, (ਦਰਦ)- ਪਿੰਡ ਵਿਚ ਬਣੇ ਆਪਣੇ ਮਕਾਨ ਤੇ ਪਿੰਡ ਚੌਕੀਦਾਰ ਦੀ ਨੌਕਰੀ ਖੋਹਣ ਦੀ ਕੋਸ਼ਿਸ਼ ਤੋਂ ਦੁਖੀ ਪਿੰਡ ਬੰਮਣਾ ਦੇ ਭਗਵਾਨ ਸਿੰਘ ਪੁੱਤਰ ਲੀਲਾ ਸਿੰਘ ਵੱਲੋਂ ਆਪਣੇ ਭਰਾ ਜਗਤਾਰ ਸਿੰਘ ਤੋਂ ਤੰਗ ਆ ਕੇ ਕੀਟਨਾਸ਼ਕ ਦਵਾਈ ਪੀ ਕੇ ਆਤਮ-ਹੱਤਿਆ ਕਰਨ ਦਾ  ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਦਾ ਬਿਨਾਂ ਪੋਸਟਮਾਰਟਮ ਕਰਵਾਏ ਤਡ਼ਕੇ-ਤੜਕੇ ਸਸਕਾਰ ਕਰ ਦਿੱਤਾ  ਗਿਆ। ਪਿੰਡ ਨਦਾਮਪੁਰ ਤੋਂ ਪਹੁੰਚੀ ਮ੍ਰਿਤਕ ਦੀ ਭੈਣ ਜਸਪਾਲ ਕੌਰ ਨੂੰ ਸ਼ੱਕ ਹੋਣ ’ਤੇ ਗਾਜੇਵਾਸ ਪੁਲਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਸਦਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
  ਸ਼ਿਕਾਇਤ ਵਿਚ ਜਸਪਾਲ ਕੌਰ ਨੇ ਦੱਸਿਆ ਕਿ ਜਗਤਾਰ ਸਿੰਘ ਸਭ ਤੋਂ ਵੱਡਾ ਅਤੇ ਭਗਵਾਨ ਸਿੰਘ ਛੋਟਾ ਤੇ ਕੁਆਰਾ ਭਰਾ ਸੀ। ਪਿਤਾ ਦੀ ਮੌਤ ਤੋਂ ਬਾਅਦ ਚੌਕੀਦਾਰ ਦੀ ਨੌਕਰੀ ਉਸ ਦਾ ਛੋਟਾ ਭਰਾ ਭਗਵਾਨ ਸਿੰਘ ਕਰਨ ਲੱਗਾ ਅਤੇ ਇਹ ਗੱਲ ਵੱਡੇ ਭਰਾ ਜਗਤਾਰ ਸਿੰਘ ਨੂੰ ਪਸੰਦ ਨਹੀਂ ਸੀ। ਉਹ ਚੌਕੀਦਾਰ ਦੀ ਨੌਕਰੀ ਖੋਹਣਾ ਚਾਹੁੰਦਾ ਸੀ, ਜਿਸ ਕਾਰਨ ਉਹ ਉਸ ਨੂੰ ਨੌਕਰੀ ਛੱਡਣ ਤੇ ਪਿਤਾ ਦਾ ਘਰ ਖਾਲੀ ਕਰਨ ਲਈ ਤੰਗ-ਪ੍ਰੇਸ਼ਾਨ ਕਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਉਹ ਬਹੁਤ ਦੁਖੀ ਤੇ ਪਰੇਸ਼ਾਨ ਸੀ।

ਪੁਲਸ ਨੂੰ ਮਿਲਿਆ ਸੁਸਾਈਡ ਨੋਟ 
 ਗਾਜੇਵਾਸ ਚੌਕੀ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਜਾਂਚ ਦੌਰਾਨ ਭਗਵਾਨ ਸਿੰਘ ਦੇ ਘਰ ਤੋਂ ਸੁਸਾਈਡ ਨੋਟ ਮਿਲਿਆ ਹੈ।  ਇਸ ਵਿਚ ਉਸ ਨੇ ਆਪਣੇ ਵੱਡੇ ਭਰਾ ਜਗਤਾਰ ਸਿੰਘ ਵੱਲੋਂ ਉਸ ਨੂੰ ਨੌਕਰੀ ਤੇ ਘਰ ਛੱਡਣ ਦੀ ਧਮਕੀ ਸਬੰਧੀ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਪੁਲਸ ਵੱਲੋਂ ਸ਼ਮਸ਼ਾਨਘਾਟ ’ਚੋਂ ਮ੍ਰਿਤਕ ਦੀਆਂ ਅਸਥੀਆਂ ਤੇ ਰਾਖ ਇਕੱਠੀ ਕਰ ਲਈ ਗਈ ਹੈ, ਜਿਸ ਨੂੰ ਜਾਂਚ ਲਈ ਲੈਬ ਭੇਜਿਆ ਜਾਵੇਗਾ। ਮ੍ਰਿਤਕ ਭਗਵਾਨ ਸਿੰਘ ਦੀ ਭੈਣ ਜਸਪਾਲ ਕੌਰ ਦੇ ਬਿਆਨਾਂ ਦੇ ਅਾਧਾਰ ’ਤੇ ਪੁਲਸ ਨੇ ਧਾਰਾ 306, 201 ਤਹਿਤ ਮਾਮਲਾ ਦਰਜ ਕਰ ਕੇ  ਜਾਂਚ ਸ਼ੁਰੂ ਕਰ ਦਿੱਤੀ ਹੈ।


Related News