ਐਕਸਾਈਜ਼ ਵਾਲੇ ਬਣ ਕੇ ਆਏ ਡਕੈਤਾਂ ਨੇ ਪਿਤਾ-ਪੁੱਤਰ ਸਣੇ 3 ਨੂੰ ਬਣਾਇਆ ਬੰਧੀ

03/13/2018 7:17:01 AM

ਜਲੰਧਰ, (ਮਹੇਸ਼)— ਐਤਵਾਰ ਦੇਰ ਰਾਤ 1.30 ਵਜੇ ਤੋਂ ਬਾਅਦ ਐਕਸਾਈਜ਼ ਵਾਲੇ ਬਣ ਕੇ ਆਏ ਅੱਧੀ ਦਰਜਨ ਤੋਂ ਵੱਧ ਡਕੈਤ ਜਮਸ਼ੇਰ ਡੇਅਰੀ ਕੰਪਲੈਕਸ ਰੋਡ 'ਤੇ ਕਿਸਾਨ ਦੇ ਡੇਰੇ ਵਿਚ ਮੌਜੂਦ ਪਿਤਾ-ਪੁੱਤਰ ਸਮੇਤ 3 ਵਿਅਕਤੀਆਂ ਨੂੰ ਬੰਧੀ ਬਣਾ ਕੇ ਇਕ ਮੋਬਾਇਲ, 10 ਹਜ਼ਾਰ ਦੀ ਨਕਦੀ ਤੇ ਹਵੇਲੀ ਵਿਚ ਬੰਨ੍ਹੀਆਂ ਲੱਖਾਂ ਦੀ ਕੀਮਤ ਦੀਆਂ 5 ਮੱਝਾਂ ਖੋਲ੍ਹ ਕੇ ਫਰਾਰ ਹੋ ਗਏ। ਬੰਧਕਾਂ ਵਿਚ ਹਵੇਲੀ ਦਾ ਮਾਲਕ ਸੰਤੋਖ ਸਿੰਘ, ਪੁੱਤਰ ਸੁਰਜਨ ਸਿੰਘ, ਉਸਦਾ ਬੇਟਾ ਭੁਪਿੰਦਰ ਸਿੰਘ ਤੇ 20 ਸਾਲ ਪੁਰਾਣਾ ਨੌਕਰ ਬਹਾਦਰ ਸਿੰਘ ਪੁੱਤਰ ਗੰਗਾ ਸਿੰਘ ਤਿੰਨੇ ਵਾਸੀ ਪਿੰਡ ਫੋਲੜੀਵਾਲ ਸ਼ਾਮਲ ਸਨ। ਪਿੰਡ ਫੋਲੜੀਵਾਲ ਦੇ ਪੰਚਾਇਤ ਮੈਂਬਰ ਸੁਖਵੀਰ ਸਿੰਘ ਸੁੱਖ ਦੀ ਮੌਜੂਦਗੀ ਵਿਚ ਸੰਤੋਖ ਸਿੰਘ ਨੇ ਵਾਰਦਾਤ ਬਾਰੇ ਮੌਕੇ 'ਤੇ ਪਹੁੰਚੇ ਥਾਣਾ ਸਦਰ ਦੀ ਜਲੰਧਰ ਹਾਈਟਸ ਪੁਲਸ ਚੌਕੀ ਦੇ ਇੰਚਾਰਜ ਭਗਵੰਤ ਸਿੰਘ ਨੂੰ ਦੱਸਿਆ ਕਿ ਉਹ ਰਾਤ ਨੂੰ ਹਵੇਲੀ ਵਿਚ ਹੀ ਸੁੱਤੇ ਹੋਏ ਸਨ। ਰਾਤ 1.30 ਵਜੇ ਦੇ ਕਰੀਬ ਕਿਸੇ ਨੇ ਕਮਰੇ ਦਾ ਸ਼ਟਰ ਖੜਕਾਇਆ। ਉਨ੍ਹਾਂ ਸ਼ਟਰ ਖੋਲ੍ਹ ਕੇ ਦੇਖਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਅੱਧਾ ਦਰਜਨ ਤੋਂ ਵੱਧ ਲੋਕ ਉਥੇ ਖੜ੍ਹੇ ਸਨ ਜੋ ਇਕ ਵੱਡੀ ਗੱਡੀ ਵਿਚ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਨੂੰ ਉਹ ਹਨੇਰਾ ਹੋਣ ਕਾਰਨ ਪਛਾਣ ਨਹੀਂ ਸਕੇ। ਉਨ੍ਹਾਂ ਉਸ ਨੂੰ ਕਿਹਾ ਕਿ ਉਹ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਹਨ ਤੇ ਰੇਡ 'ਤੇ ਹਨ, ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਜਿਸ ਦੀ ਉਨ੍ਹਾਂ ਨੂੰ ਭਾਲ ਹੈ, ਉਹ ਦੋਵੇਂ ਵਿਅਕਤੀ ਇਥੇ ਹੀ ਲੁਕੇ ਹਨ ਪਰ ਜਿਵੇਂ ਹੀ ਮੁਲਜ਼ਮਾਂ ਨੇ ਉਸ ਨੂੰ ਤੇ ਬਾਅਦ ਵਿਚ ਉਨ੍ਹਾਂ ਦੇ ਬੇਟੇ ਭੁਪਿੰਦਰ ਨੂੰ ਜਾਨੋਂ ਮਾਰ ਦੇਣ ਦਾ ਕਹਿ ਕੇ ਧਮਕਾਉਣਾ ਸ਼ੁਰੂ ਕੀਤਾ ਤਾਂ ਉਹ ਸਮਝ ਗਏ ਕਿ ਇਹ ਐਕਸਾਈਜ਼ ਵਾਲੇ ਨਹੀਂ, ਸਗੋਂ ਡਕੈਤ ਹਨ।
ਡਕੈਤਾਂ 'ਚ ਔਰਤ ਵੀ ਸ਼ਾਮਲ : ਸੰਤੋਖ ਸਿੰਘ ਦੇ ਡੇਰੇ 'ਤੇ ਐਕਸਾਈਜ਼ ਵਾਲੇ ਬਣ ਕੇ ਵਾਰਦਾਤ ਨੂੰ ਅੰਜਾਮ ਦੇਣ ਆਏ ਡਕੈਤਾਂ ਵਿਚ ਇਕ ਔਰਤ ਵੀ ਸ਼ਾਮਲ ਸੀ ਜੋ ਗੱਡੀ ਵਿਚੋਂ ਨਹੀਂ ਉਤਰੀ। ਇਸ ਗੱਲ ਦਾ ਖੁਲਾਸਾ ਵੀ ਪੀੜਤ ਸੰਤੋਖ ਸਿੰਘ ਨੇ ਕੀਤਾ। ਔਰਤ ਦੀ ਇਸ ਵਾਰਦਾਤ ਵਿਚ ਕੀ ਭੂਮਿਕਾ ਸੀ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। 
ਇਕ ਹੀ ਮੰਜੇ ਨਾਲ ਬੰਨ੍ਹ ਦਿੱਤਾ ਤਿੰਨਾਂ ਨੂੰ: ਡਕੈਤਾਂ ਨੇ ਸੰਤੋਖ ਸਿੰਘ, ਬਹਾਦਰ ਸਿੰਘ ਤੇ ਭੁਪਿੰਦਰ ਸਿੰਘ ਨੂੰ ਇਕ ਹੀ ਮੰਜੇ ਨਾਲ ਬੰਨ੍ਹ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੂੰ ਮਾਰ ਦੇਣ ਦੀ ਧਮਕੀ ਵੀ ਦਿੱਤੀ ਤਾਂ ਸੰਤੋਖ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਗੋਲੀ ਨਾ ਮਾਰਨ ਜੋ ਮਰਜ਼ੀ ਲੈ ਜਾਣ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਬੰਨ੍ਹ ਕੇ ਉਥੋਂ ਗੱਡੀ ਵਿਚ ਮੱਝਾਂ ਲੱਦ ਕੇ ਫਰਾਰ ਹੋ ਗਏ। 
ਬਹਾਦਰ ਨੇ ਪਹਿਲਾਂ ਖੁਦ ਨੂੰ ਖੋਲ੍ਹਿਆ: ਡਕੈਤਾਂ ਦੇ ਫਰਾਰ ਹੋ ਜਾਣ ਤੋਂ ਬਾਅਦ ਸੰਤੋਖ ਸਿੰਘ ਦੇ ਨੌਕਰ ਬਹਾਦਰ ਸਿੰਘ ਨੇ ਬੜੀ ਮੁਸ਼ਕਲ ਨਾਲ ਪਹਿਲਾਂ ਆਪਣੇ-ਆਪ ਨੂੰ ਖੋਲ੍ਹਿਆ ਤੇ ਫਿਰ ਸੰਤੋਖ ਸਿੰਘ ਤੇ ਭੁਪਿੰਦਰ ਸਿੰਘ ਨੂੰ। ਬਹਾਦਰ ਸਿੰਘ ਨੇ ਆਪਣੇ ਮਾਲਕ ਪ੍ਰਤੀ ਬਹਾਦਰੀ ਤੇ ਵਫਾਦਾਰੀ ਪੂਰੀ ਦਿਖਾਈ।
ਸੰਤੋਖ ਸਿੰਘ ਨੇ ਦੱਸਿਆ ਕਿ ਹਵੇਲੀ ਵਿਚ ਖੜ੍ਹੇ ਟਰੈਕਟਰ-ਟਰਾਲੀ ਨੂੰ ਲੁਟੇਰਿਆਂ ਨੇ ਹੱਥ ਨਹੀਂ ਲਾਇਆ। ਉਹ ਟਰੈਕਟਰ-ਟਰਾਲੀ ਬਾਰੇ ਗੱਲ ਜ਼ਰੂਰ ਕਰ ਰਹੇ ਸਨ। ਉਨ੍ਹਾਂ ਨੂੰ ਡਰ ਸੀ ਕਿ ਜੇਕਰ ਉਹ ਟਰੈਕਟਰ-ਟਰਾਲੀ ਵੀ ਲੈ ਗਏ ਤਾਂ ਉਹ ਬਰਬਾਦ ਹੋ ਜਾਣਗੇ। ਉਸਨੇ ਟਰੈਕਟਰ -ਟਰਾਲੀ ਨਵੇਂ ਖਰੀਦੇ ਸਨ, ਜਿਸ ਨਾਲ ਉਨ੍ਹਾਂ ਦਾ ਛੋਟਾ ਬੇਟਾ ਖੇਤੀ ਕਰਦਾ ਹੈ।
ਬੀਮਾਰ ਪਤਨੀ ਨੂੰ ਨਹੀਂ ਦਿੱਤੀ ਜਾਣਕਾਰੀ: ਸੰਤੋਖ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਕਾਫੀ ਬੀਮਾਰ ਹੈ ਤੇ ਕੁੱਝ ਦਿਨ ਪਹਿਲਾਂ ਹੀ  ਹਸਪਤਾਲ ਤੋਂ ਆਈ ਹੈ। ਉਸਦੀ ਹਾਲਤ 'ਚ ਅਜੇ ਪੂਰੀ ਤਰ੍ਹਾਂ ਸੁਧਾਰ ਨਹੀਂ ਹੋਇਆ। ਅਜਿਹੀ  ਹਾਲਤ ਵਿਚ ਉਸਨੂੰ ਵਾਰਦਾਤ ਬਾਰੇ ਦੱਸ ਦਿੰਦਾ ਤਾਂ ਉਸ ਕੋਲੋਂ ਬਰਦਾਸ਼ਤ ਨਹੀਂ ਸੀ ਹੋਣਾ।
ਡੇਅਰੀ ਰੋਡ ਹੋਣ ਕਾਰਨ ਚਲਦਾ ਰਹਿੰਦਾ ਹੈ ਰਸਤਾ : ਜਿਸ ਜਗ੍ਹਾ ਵਾਰਦਾਤ ਹੋਈ ਉਹ ਰਸਤਾ ਡੇਅਰੀ ਕੰਪਲੈਕਸ ਜਮਸ਼ੇਰ ਨੂੰ ਜਾਂਦਾ ਹੈ, ਜਿਸ ਕਾਰਨ 2 ਵਜੇ ਤੋਂ ਬਾਅਦ ਵੀ ਇਹ ਰਸਤਾ ਚਲਦਾ ਰਹਿੰਦਾ ਹੈ। ਡੇਅਰੀ ਵਿਚੋਂ ਵੱਡੀਆਂ-ਵੱਡੀਆਂ ਗੱਡੀਆਂ ਦੁੱਧ ਦੀ ਸਪਲਾਈ ਲੈ ਕੇ ਜਾਂਦੀਆਂ ਹਨ। ਵਾਰਦਾਤ ਦੇ ਸਮੇਂ ਵੀ  ਉਥੋਂ ਕਈ ਗੱਡੀਆਂ ਲੰਘੀਆਂ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। 
ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲੇਗੀ ਪੁਲਸ : ਸੰਤੋਖ ਸਿੰਘ ਦੇ ਡੇਰੇ 'ਤੇ ਹੋਈ ਵੱਡੀ ਵਾਰਦਾਤ ਨੂੰ ਲੈ ਕੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਪੁਲਸ ਖੰਗਾਲੇਗੀ ਤਾਂ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਡਕੈਤ ਉਸ ਵਿਚ ਕੈਦ ਹੋ ਗਏ ਹੋਣ ਤਾਂ ਪੁਲਸ ਦਾ ਉਨ੍ਹਾਂ ਤੱਕ ਪਹੁੰਚਣਾ ਸੌਖਾ ਹੋ ਜਾਵੇਗਾ।
ਥਾਣਾ ਸਦਰ 'ਚ ਹੋਇਆ ਕੇਸ ਦਰਜ : ਸੰਤੋਖ ਸਿੰਘ ਦੇ ਬਿਆਨਾਂ 'ਤੇ ਥਾਣਾ ਸਦਰ ਦੀ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਖਿਲਾਫ 342, 457 ਤੇ 380 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਇੰਨੀ ਵੱਡੀ ਵਾਰਦਾਤ ਦੇ ਬਾਵਜੂਦ ਵੀ ਮੌਕੇ 'ਤੇ ਥਾਣਾ ਸਦਰ ਦੀ ਪੁਲਸ ਤੋਂ ਇਲਾਵਾ ਕੋਈ ਵੀ ਵੱਡਾ ਅਧਿਕਾਰੀ ਨਹੀਂ ਪਹੁੰਚਿਆ। 
ਸਹਿਮੇ ਹੋਏ ਸੰਤੋਖ ਸਿੰਘ ਤੇ ਬੇਟੇ : ਡੇਰੇ 'ਤੇ ਹੋਈ ਵਾਰਦਾਤ ਨਾਲ ਸੰਤੋਖ ਸਿੰਘ ਤੇ ਉਸਦੇ ਦੋਵੇਂ ਬੇਟੇ ਡਰੇ ਹੋਏ ਹਨ ਕਿ ਕਿਤੇ ਦੁਬਾਰਾ ਡਕੈਤ ਆ ਕੇ ਉਨ੍ਹਾਂ ਦੀ ਜਾਨ ਲਈ ਹੀ ਖਤਰਾ ਨਾ ਬਣ ਜਾਣ। ਉਹ ਡੇਰੇ 'ਤੇ ਖੜ੍ਹੇ ਆਪਣੇ ਟਰੈਕਟਰ-ਟਰਾਲੀ ਨੂੰ ਵੀ ਪਿੰਡ ਸਥਿਤ ਘਰ ਵਿਚ ਲੈ ਗਏ ਹਨ।


Related News