ਪੁੱਟੀ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਲੋਕ ਦੁਖੀ
Thursday, Feb 15, 2018 - 01:09 AM (IST)
ਰੂਪਨਗਰ, (ਵਿਜੇ)- ਸ਼ਹਿਰ 'ਚ ਮੁੱਖ ਜਲ ਸਪਲਾਈ ਵਾਲੀ ਪਾਈਪ ਲਾਈਨ 'ਚ ਫਾਲਟ ਆ ਜਾਣ ਤੋਂ ਬਾਅਦ ਭਾਵੇਂ ਇਸ ਨੂੰ ਦਰੁੱਸਤ ਕਰ ਦਿੱਤਾ ਗਿਆ ਹੈ ਪਰ ਬੀਤੇ ਤਿੰਨ ਦਿਨਾਂ ਤੋਂ ਸਰਹਿੰਦ ਨਹਿਰ ਮਾਰਗ ਰਾਧਾ ਸੁਆਮੀ ਸਤਿਸੰਗ ਭਵਨ ਕੋਲ ਪੁੱਟੀ ਸੜਕ ਦੀ ਮੁਰੰਮਤ ਨਾ ਕਰਵਾਏ ਜਾਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਉਕਤ ਮਾਰਗ ਨੂੰ ਬੈਰੀਕੇਡ ਲਾ ਕੇ ਹਾਲੇ ਤੱਕ ਬੰਦ ਰੱਖਿਆ ਗਿਆ ਹੈ, ਜਦੋਂਕਿ ਮਾਰਗ ਦੀ ਮੁਰੰਮਤ ਵੱਲ ਸਬੰਧਤ ਵਿਭਾਗ ਕੋਈ ਧਿਆਨ ਨਹੀਂ ਦੇ ਰਿਹਾ। ਮੌਕੇ 'ਤੇ ਮੌਜੂਦ ਹਰਮਿੰਦਰ ਸਿੰਘ ਚੌਧਰੀ ਨੇ ਦੱਸਿਆ ਕਿ ਰਸਤੇ 'ਤੇ ਡੂੰਘੇ ਟੋਇਆਂ ਕਾਰਨ ਅਕਸਰ ਰਾਹਗੀਰ ਸੱਟਾਂ ਖਾ ਰਹੇ ਹਨ ਅਤੇ ਰਾਤ ਸਮੇਂ ਇਥੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਉਕਤ ਮਾਰਗ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
ਮਹੀਨਾ ਪਹਿਲਾਂ ਪੁੱਟਿਆ ਟੋਇਆ ਵੀ ਨਹੀਂ ਪੂਰਿਆ : ਇਸੇ ਤਰ੍ਹਾਂ ਕਰੀਬ ਇਕ ਮਹੀਨੇ ਤੋਂ ਰੈਲੋਂ ਰੋਡ 'ਤੇ ਪੁੱਟਿਆ ਡੂੰਘਾ ਟੋਇਆ ਜਿਉਂ ਦੀ ਤਿਉਂ ਪਿਆ ਹੈ। ਜ਼ਿਕਰਯੋਗ ਹੈ ਕਿ ਉਕਤ ਪੁੱਟੇ ਟੋਏ ਤੋਂ ਕੁਝ ਦੂਰੀ 'ਤੇ ਡੀ.ਏ.ਵੀ. ਸਕੂਲ ਸਥਿਤ ਹੈ ਅਤੇ ਇੱਥੇ ਵੱਡੀ ਗਿਣਤੀ 'ਚ ਸਕੂਲੀ ਵਿਦਿਆਰਥੀ ਲੰਘਦੇ ਹਨ, ਜਿਸ ਕਾਰਨ ਇਹ ਮਾਰਗ ਕਾਫੀ ਮਹੱਤਵਪੂਰਨ ਹੈ। ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਵੀ ਉਕਤ ਮਸਲੇ ਸਬੰਧੀ ਗੁਹਾਰ ਲਾਈ ਜਾ ਚੁੱਕੀ ਹੈ ਪਰ ਸਮੱਸਿਆ ਪ੍ਰਤੀ ਅਧਿਕਾਰੀ ਅਣਜਾਣ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਉਕਤ ਟੋਏ 'ਚ ਕਈ ਲੋਕ ਡਿੱਗ ਕੇ ਸੱਟਾਂ ਲਵਾ ਚੁੱਕੇ ਹਨ। ਜਦੋਂਕਿ ਟੋਏ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਉਕਤ ਟੋਏ ਨੂੰ ਤੁਰੰਤ ਭਰਨ ਦੀ ਮੰਗ ਕੀਤੀ ਹੈ।
