ਲਾਕਡਾਊਨ ਦੀਆਂ ਚਰਚਾਵਾਂ ਕਾਰਨ ਲੋਕ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਵਾਉਣ ਲੱਗੇ

Thursday, Mar 26, 2026 - 06:41 PM (IST)

ਲਾਕਡਾਊਨ ਦੀਆਂ ਚਰਚਾਵਾਂ ਕਾਰਨ ਲੋਕ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਵਾਉਣ ਲੱਗੇ

ਮਾਛੀਵਾੜਾ ਸਾਹਿਬ (ਟੱਕਰ) : ਇਰਾਨ ਤੇ ਇਜ਼ਰਾਇਲ ਦੀ ਜੰਗ ਤੋਂ ਬਾਅਦ ਸਭ ਤੋਂ ਪਹਿਲਾ ਪ੍ਰਭਾਵ ਰਸੋਈ ਗੈਸ ’ਤੇ ਪਿਆ ਅਤੇ ਪਿਛਲੇ ਕਈ ਦਿਨਾਂ ਤੋਂ ਗੈਸ ਏਜੰਸੀਆਂ ਦੇ ਬਾਹਰ ਲੋਕ ਸਿਲੰਡਰ ਲੈਣ ਲਈ ਕਤਾਰਾਂ ਵਿਚ ਲੱਗੇ ਦਿਖਾਈ ਦੇ ਰਹੇ ਹਨ। ਸਰਕਾਰ ਤੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਗੈਸ ਦੀ ਕੋਈ ਕਮੀ ਨਹੀਂ ਪਰ ਇਸ ਦੇ ਬਾਵਜੂਦ ਵੀ ਜਿਸ ਦਿਨ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਜੰਗ ਕਾਰਨ ਭਾਰਤ ਵਿਚ ਲਾਕਡਾਊਨ ਵਰਗੇ ਹਾਲਾਤ ਪੈਦਾ ਹੋਣ ਦੀ ਸੰਭਾਵਨਾ ਬਾਰੇ ਜ਼ਿਕਰ ਕੀਤਾ ਤਾਂ ਉਸ ਤੋਂ ਬਾਅਦ ਇਹ ਅਫ਼ਵਾਹਾਂ ਜ਼ੋਰਾਂ ’ਤੇ ਹਨ ਕਿ ਕਦੇ ਵੀ ਲਾਕਡਾਊਨ ਲੱਗ ਸਕਦਾ ਹੈ। 

ਅੱਜ ਸਵੇਰ ਤੋਂ ਪੈਟਰੋਲ ਪੰਪਾਂ ਦੇ ਬਾਹਰ ਵੀ ਲੋਕਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਲੋਕਾਂ ਵਲੋਂ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਵਾਈਆਂ ਜਾ ਰਹੀਆਂ ਹਨ, ਇੱਥੋਂ ਤੱਕ ਕਿਸਾਨਾਂ ਵਲੋਂ ਅੱਗੇ ਕਣਕ ਦੀ ਵਾਢੀ ਨੂੰ ਦੇਖਦਿਆਂ ਡੀਜ਼ਲ ਦੀ ਜ਼ਰੂਰਤ ਪੂਰੀ ਕਰਨ ਲਈ ਉਸਦੇ ਡਰੰਮ ਭਰਵਾਏ ਜਾ ਰਹੇ ਹਨ। ਪੈਟਰੋਲ ਪੰਪ ਦੇ ਮੈਨੇਜਰ ਸੰਦੀਪ ਠਾਕੁਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਕੋਲ ਡੀਜ਼ਲ ਤੇ ਪੈਟਰੋਲ ਦੀ ਕੋਈ ਕਮੀ ਨਹੀਂ ਅਤੇ ਪਿੱਛੋਂ ਸਪਲਾਈ ਵੀ ਨਿਰਵਿਘਨ ਆ ਰਹੀ ਹੈ ਪਰ ਲਾਕਡਾਊਨ ਦੀਆਂ ਅਫ਼ਵਾਹਾਂ ਕਾਰਨ ਲੋਕਾਂ ਵਿਚ ਘਬਰਾਹਟ ਫੈਲ ਗਈ ਕਿ ਕਿਤੇ ਪੈਟਰੋਲੀਅਮ ਪਦਾਰਥਾਂ ਦੀ ਕਮੀ ਨਾ ਆ ਜਾਵੇ। ਉਨ੍ਹਾਂ ਕਿਹਾ ਕਿ ਲੋਕ ਘਬਰਾਹਟ ਵਿਚ ਆ ਕੇ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਵਾ ਰਹੇ ਹਨ ਫਿਲਹਾਲ ਘਬਰਾਉਣ ਵਾਲੀ ਕੋਈ ਸਥਿਤੀ ਨਹੀਂ ਹੈ।


author

Gurminder Singh

Content Editor

Related News