ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਇਲਾਕੇ ''ਚ ਭਾਰੀ ਦਹਿਸ਼ਤ

Thursday, Oct 05, 2017 - 01:01 AM (IST)

ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਇਲਾਕੇ ''ਚ ਭਾਰੀ ਦਹਿਸ਼ਤ

ਮਾਹਿਲਪੁਰ,  (ਜ. ਬ.)-  ਬਲਾਕ ਮਾਹਿਲਪੁਰ ਦੇ ਆਸ-ਪਾਸ ਪਿੰਡਾਂ ਵਿਚ ਲੁੱਟ-ਖੋਹ ਦੀਆਂ ਵਰਦਾਤਾਂ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਅਣਪਛਾਤੇ ਲੁਟੇਰੇ ਬਿਨਾਂ ਕਿਸੇ ਡਰ ਤੋਂ ਸੂਰਜ ਛਿਪਣ ਤੋਂ ਬਾਅਦ ਖੁੰਬਾਂ ਵਾਂਗ ਸੜਕਾਂ 'ਤੇ ਨਿਕਲ ਪੈਂਦੇ ਹਨ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਸਾਰਾ ਦਿਨ ਕੰਮ ਕਰ ਕੇ ਥੱਕ ਹਾਰ ਕੇ ਰਾਤ ਵੇਲੇ ਘਰਾਂ ਨੂੰ ਵਾਪਸ ਜਾ ਰਹੇ ਲੋਕਾਂ ਦੀ ਲੁੱਟ-ਖੋਹ ਕਰਦੇ ਹਨ ਅਤੇ ਉਨ੍ਹਾਂ ਦੀ ਤੇਜ਼ਧਾਰ ਹਥਿਆਰਾਂ ਅਤੇ ਬੇਸਬੈਟ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ। ਪੀੜਤ ਵਿਅਕਤੀਆਂ ਨੂੰ ਕਈ-ਕਈ ਮਹੀਨੇ ਇਲਾਜ ਕਰਵਾਉਣਾ ਪੈਂਦਾ ਹੈ। ਕਈ ਤਾਂ ਦੁਬਾਰਾ ਕੰਮ-ਕਾਰ ਕਰਨ ਯੋਗ ਵੀ ਨਹੀਂ ਰਹਿੰਦੇ। ਇਸੇ ਕੜੀ ਤਹਿਤ ਮੁੱਖ ਮਾਰਗ ਮਾਹਿਲਪੁਰ ਜੇਜੋਂ ਦੋਆਬਾ 'ਤੇ ਪੈਂਦੇ ਪਿੰਡ ਚੱਕ ਨਰਿਆਲ ਦੀ ਚੋਈ ਨਜ਼ਦੀਕ 1 ਮਹੀਨੇ ਵਿਚ ਪਿੰਡ ਲਲਵਾਣ ਦੇ ਸਾਬਕਾ ਸਰਪੰਚ ਸਮੇਤ 4 ਵਿਅਕਤੀ ਲੁੱਟ ਦਾ ਸ਼ਿਕਾਰ ਹੋ ਚੁੱਕੇ ਹਨ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪ੍ਰਮੋਦ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਲਲਵਾਣ ਨੇ ਜ਼ੇਰੇ ਇਲਾਜ ਸਿਵਲ ਹਸਪਤਾਲ ਮਾਹਿਲਪੁਰ ਵਿਚ ਦੱਸਿਆ ਕਿ ਉਹ ਮਾਹਿਲਪੁਰ ਵਿਚ ਇਕ ਇਲੈਕਟ੍ਰੋਨਿਕ ਦੀ ਦੁਕਾਨ 'ਤੇ ਮਕੈਨਿਕ ਦਾ ਕੰਮ ਕਰਦਾ ਹੈ। ਬੀਤੀ ਰਾਤ 8 ਵਜੇ ਦੇ ਕਰੀਬ ਉਹ ਦੁਕਾਨ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ। ਜਦ ਉਹ ਚੱਕ ਨਰਿਆਲ ਦੀ ਚੋਈ ਦੇ ਨਜ਼ਦੀਕ ਪੁੱਜਾ ਤਾਂ ਪਹਿਲਾਂ ਤੋਂ ਹੀ ਅੱਗੇ ਖੜ੍ਹੇ ਮੋਟਰਸਾਈਕਲ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਅਚਾਨਕ ਉਸ 'ਤੇ ਬੇਸਬੈਟਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ 5 ਹਜ਼ਾਰ ਰੁਪਏ, ਕੰਮ ਕਰਨ ਵਾਲੀ ਟੂਲ ਕਿੱਟ ਅਤੇ ਜ਼ਰੂਰੀ ਕਾਗਜ਼ਾਤ ਖੋਹ ਕੇ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਲੋਕਾਂ ਨੇ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸੇ ਤਰ੍ਹਾਂ ਕਰਮਜੀਤ ਸਿੰਘ ਪੁੱਤਰ ਜਗੀਰ ਰਾਮ ਵਾਸੀ ਲਲਵਾਣ ਨੇ ਦੱਸਿਆ ਕਿ 21 ਸਤੰਬਰ ਨੂੰ ਸ਼ਾਮ 8.30 ਵਜੇ ਦੇ ਕਰੀਬ ਉਹ ਆਪਣੇ ਕੰਮ ਤੋਂ ਵਾਪਸ ਪਿੰਡ ਨੂੰ ਜਾ ਰਿਹਾ ਸੀ ਤਾਂ ਉਕਤ ਸਥਾਨ 'ਤੇ ਹੀ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅਚਾਨਕ ਉਸ 'ਤੇ ਹਮਲਾ ਕਰ ਕੇ ਉਸ ਦੀ ਕੰਮ ਕਰਨ ਵਾਲੀ ਟੂਲ ਕਿੱਟ ਲੈ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਜਦ ਉਸ ਨੇ ਅੱਗੇ ਖੜ੍ਹੇ ਨਕਾਬਪੋਸ਼ ਨੌਜਵਾਨਾਂ ਨੂੰ ਦੇਖਿਆ ਤਾਂ ਉਸ ਨੇ ਹੁਸ਼ਿਆਰੀ ਨਾਲ ਆਪਣਾ ਪਰਸ ਅਤੇ ਮੋਬਾਇਲ ਖੇਤਾਂ ਵਿਚ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਨਕਦੀ ਤੇ ਮੋਬਾਇਲ ਦਾ ਬਚਾਅ ਹੋ ਗਿਆ।
ਕੁਲਦੀਪ ਸਿੰਘ ਪੁੱਤਰ ਸ਼ੰਕਰ ਦਾਸ ਨੇ ਦੱਸਿਆ ਕਿ 9 ਅਗਸਤ ਨੂੰ ਸ਼ਾਮ 9 ਵਜੇ ਦੇ ਕਰੀਬ ਉਹ ਮਾਹਿਲਪੁਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਉਕਤ ਸਥਾਨ 'ਤੇ ਹੀ ਖੜ੍ਹੇ ਮੋਟਰਸਾਈਕਲ ਸਵਾਰ 3 ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਘੇਰ ਕੇ 2500 ਰੁਪਏ ਨਕਦ ਤੇ ਮੋਬਾਇਲ ਖੋਹ ਲਿਆ। ਪਿੰਡ ਲਲਵਾਣ ਦੇ ਹੀ ਸਾਬਕਾ ਸਰਪੰਚ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਤੋਂ 1 ਦਿਨ ਪਹਿਲਾਂ 8 ਸਤੰਬਰ ਨੂੰ ਸ਼ਾਮ 9 ਵਜੇ ਦੇ ਕਰੀਬ ਉਹ ਮਾਹਿਲਪੁਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦ ਉਹ ਆਪਣੇ ਪਿੰਡ ਦੇ ਮੋੜ ਦੇ ਨਜ਼ਦੀਕ ਪਹੁੰਚਿਆ ਤਾਂ ਅੱਗੇ ਖੜ੍ਹੇ ਮੋਟਰਸਾਈਕਲ ਸਵਾਰ ਹਥਿਆਰਬੰਦ ਨਕਾਬਪੋਸ਼ ਨੌਜਵਾਨਾਂ ਨੂੰ ਦੇਖ ਕੇ ਉਸ ਨੇ ਫੁਰਤੀ ਨਾਲ ਆਪਣਾ ਮੋਟਰਸਾਈਕਲ ਦੁਬਾਰਾ ਮਾਹਿਲਪੁਰ ਵੱਲ ਨੂੰ ਮੋੜ ਲਿਆ, ਜਿਸ ਕਾਰਨ ਉਸ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਇਸ ਸਬੰਧੀ ਜੇਜੋਂ ਚੌਕੀ ਦੇ ਇੰਚਾਰਜ ਸੁਭਾਸ਼ ਚੰਦਰ ਨੇ ਸਿਵਲ ਹਸਪਤਾਲ ਮਾਹਿਲਪੁਰ ਵਿਚ ਦੱਸਿਆ ਕਿ ਵਧ ਰਹੀਆਂ ਲੁੱਟ-ਖੋਹ ਦੀਆਂ ਵਰਾਦਾਤਾਂ ਨੂੰ ਨੱਥ ਪਾਉਣ ਲਈ ਚੱਬੇਵਾਲ ਪੁਲਸ ਵੱਲੋਂ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਉਕਤ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News