ਡੇਰਾ ਬਾਬਾ ਨਾਨਕ ਇਲਾਕੇ ‘ਚ ਗੋਲੀ ਚੱਲੀ, ਇਲਾਕੇ ''ਚ ਦਹਿਸ਼ਤ ਦਾ ਮਾਹੌਲ

Tuesday, May 05, 2026 - 11:17 PM (IST)

ਡੇਰਾ ਬਾਬਾ ਨਾਨਕ ਇਲਾਕੇ ‘ਚ ਗੋਲੀ ਚੱਲੀ, ਇਲਾਕੇ ''ਚ ਦਹਿਸ਼ਤ ਦਾ ਮਾਹੌਲ

ਗੁਰਦਾਸਪੁਰ - ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਠੇਠਰਕੇ ਵਿੱਚ ਅੱਜ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅਮਨ ਮੈਡੀਕਲ ਕਲੀਨਿਕ ‘ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਕਲੀਨਿਕ ਦੇ ਮਾਲਕ ਅਮਨਪ੍ਰੀਤ ਸਿੰਘ ਵਾਲ-ਵਾਲ ਬਚ ਗਏ। ਭਾਵੇਂ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ, ਜਦੋਂ ਅਮਨਪ੍ਰੀਤ ਸਿੰਘ ਆਪਣੀ ਦੁਕਾਨ ‘ਤੇ ਬੈਠੇ ਹੋਏ ਸਨ, ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਦੁਕਾਨ ‘ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਸਿੰਘ ਨੇ ਤੁਰੰਤ ਸਮਝਾਦਾਰੀ ਵਰਤਦਿਆਂ ਹੇਠਾਂ ਬੈਠ ਕੇ ਆਪਣੀ ਜਾਨ ਬਚਾਈ।

ਇਹ ਵੀ ਸਾਹਮਣੇ ਆ ਰਿਹਾ ਹੈ ਕਿ ਕਲੀਨਿਕ ਮਾਲਕ ਨੂੰ ਕੁਝ ਦਿਨ ਪਹਿਲਾਂ ਫਿਰੌਤੀ ਦੀ ਕਾਲ ਆਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੇਰਾ ਬਾਬਾ ਨਾਨਕ ਪੁਲਸ ਦੇ ਡੀਐਸਪੀ ਜੋਗਾ ਸਿੰਘ ਅਤੇ ਐਸਐਚਓ ਅਸ਼ੋਕ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
 


author

Inder Prajapati

Content Editor

Related News