ਜਲੰਧਰ: ਜਿਊਲਰ ਸ਼ੋਰੂਮ ਦੀ ਮਹਿਲਾ ਕਰਮਚਾਰੀ ਤੋਂ ਲੁੱਟ, ਆਈਫੋਨ ਤੇ ਨਕਦੀ ਖੋਹ ਕੇ ਲੁਟੇਰਾ ਫ਼ਰਾਰ

Saturday, May 09, 2026 - 12:37 AM (IST)

ਜਲੰਧਰ: ਜਿਊਲਰ ਸ਼ੋਰੂਮ ਦੀ ਮਹਿਲਾ ਕਰਮਚਾਰੀ ਤੋਂ ਲੁੱਟ, ਆਈਫੋਨ ਤੇ ਨਕਦੀ ਖੋਹ ਕੇ ਲੁਟੇਰਾ ਫ਼ਰਾਰ

ਜਲੰਧਰ (ਸੁਨੀਲ ਮਹਾਜਨ): ਮਹਾਨਗਰ ਵਿੱਚ ਬੰਬ ਧਮਾਕੇ ਦੇ ਮਾਮਲੇ ਤੋਂ ਬਾਅਦ ਪੁਲਸ ਵੱਲੋਂ ਹਾਈ ਅਲਰਟ ਜਾਰੀ ਕੀਤੇ ਜਾਣ ਦੇ ਬਾਵਜੂਦ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਡਾਕਟਰ ਬੀ. ਆਰ. ਅੰਬੇਡਕਰ ਚੌਕ ਦੇ ਕੋਲੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਕੋਲੋਂ ਆਈਫੋਨ ਅਤੇ ਨਕਦੀ ਦੀ ਲੁੱਟ ਕੀਤੀ ਗਈ ਹੈ।

ਪੀੜਤ ਮਹਿਲਾ ਦੀ ਪਛਾਣ ਪਾਇਲ ਵਜੋਂ ਹੋਈ ਹੈ, ਜੋ ਭਗਵਾਨ ਵਾਲਮੀਕਿ ਚੌਕ ਸਥਿਤ ਇੱਕ ਜਿਊਲਰ ਸ਼ੋਰੂਮ ਵਿੱਚ ਕੰਮ ਕਰਦੀ ਹੈ। ਉਹ ਕੰਮ ਤੋਂ ਬਾਅਦ ਆਟੋ ਰਾਹੀਂ ਘਰ ਜਾ ਰਹੀ ਸੀ ਕਿ ਅੰਬੇਡਕਰ ਚੌਕ ਨੇੜੇ ਇੱਕ ਬਾਈਕ ਸਵਾਰ ਲੁਟੇਰਾ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਿਆ। ਪੀੜਤਾ ਦੇ ਪਤੀ ਕਮਲ ਅਨੁਸਾਰ ਪਰਸ ਵਿੱਚ ਆਈਫੋਨ, 5 ਹਜ਼ਾਰ ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ।

ਪੀੜਤ ਪਰਿਵਾਰ ਨੇ ਪੁਲਿਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਘਟਨਾ ਦੀ ਤੁਰੰਤ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਨੇ ਸਹਿਯੋਗ ਨਹੀਂ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਆਈਫੋਨ ਨੂੰ ਟ੍ਰੇਸ (Trace) ਕਰਨ ਦੀ ਅਪੀਲ ਕੀਤੀ, ਤਾਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਲੁਟੇਰਾ ਫੜਿਆ ਜਾ ਸਕਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਲੁਟੇਰਾ ਬਿਨਾਂ ਨਕਾਬ (ਮੂੰਹ ਢੱਕੇ) ਤੋਂ ਸਪਲੈਂਡਰ ਬਾਈਕ 'ਤੇ ਸਵਾਰ ਹੋ ਕੇ ਆਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਾਰਦਾਤ ਥਾਣਾ ਡਿਵੀਜ਼ਨ ਨੰਬਰ 4 ਤੋਂ ਮਹਿਜ਼ ਕੁਝ ਦੂਰੀ 'ਤੇ ਵਾਪਰੀ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
 


author

Inder Prajapati

Content Editor

Related News