ਖੰਨਾ ''ਚ ਅਵਾਰਾ ਕੁੱਤਿਆਂ ਦੀ ਦਹਿਸ਼ਤ! ਸਾਲ 2025 ''ਚ 4 ਹਜ਼ਾਰ ਤੋਂ ਵੱਧ ਲੋਕ ਹੋਏ ਸ਼ਿਕਾਰ

Thursday, May 07, 2026 - 08:12 PM (IST)

ਖੰਨਾ ''ਚ ਅਵਾਰਾ ਕੁੱਤਿਆਂ ਦੀ ਦਹਿਸ਼ਤ! ਸਾਲ 2025 ''ਚ 4 ਹਜ਼ਾਰ ਤੋਂ ਵੱਧ ਲੋਕ ਹੋਏ ਸ਼ਿਕਾਰ

ਖੰਨਾ (ਬਿਪਨ ਭਾਰਦਵਾਜ) : ਖੰਨਾ ਸ਼ਹਿਰ 'ਚ ਅਵਾਰਾ ਕੁੱਤਿਆਂ ਦਾ ਕਹਿਰ ਇਸ ਕਦਰ ਵੱਧ ਗਿਆ ਹੈ ਕਿ ਹੁਣ ਸ਼ਹਿਰ ਵਾਸੀਆਂ ਲਈ ਘਰੋਂ ਬਾਹਰ ਨਿਕਲਣਾ ਵੀ ਮੁਹਾਲ ਹੋ ਗਿਆ ਹੈ। ਇਹ ਅਵਾਰਾ ਕੁੱਤੇ ਨਾ ਸਿਰਫ਼ ਪੈਦਲ ਚੱਲਣ ਵਾਲਿਆਂ, ਸਗੋਂ ਦੋ ਪਹੀਆ ਵਾਹਨਾਂ 'ਤੇ ਜਾਣ ਵਾਲੇ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ। ਦਹਿਸ਼ਤ ਦਾ ਆਲਮ ਇਹ ਹੈ ਕਿ ਲੋਕਾਂ 'ਚ ਭਾਰੀ ਡਰ ਪਾਇਆ ਜਾ ਰਿਹਾ ਹੈ।

ਅੰਕੜਿਆਂ ਦੀ ਜ਼ੁਬਾਨੀ ਭਿਆਨਕ ਸਥਿਤੀ
ਸਿਵਲ ਹਸਪਤਾਲ ਖੰਨਾ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਸਾਲ 2025 ਵਿੱਚ ਕੁੱਤਿਆਂ ਦੇ ਵੱਢਣ ਦੇ ਕੁੱਲ 4048 ਮਾਮਲੇ ਸਾਹਮਣੇ ਆਏ ਸਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2026 ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ ਹੀ 1575 ਮਾਮਲੇ ਦਰਜ ਹੋ ਚੁੱਕੇ ਹਨ। 

ਨਸਬੰਦੀ ਮੁਹਿੰਮ ਦੀ ਸੁਸਤ ਰਫ਼ਤਾਰ
ਸ਼ਹਿਰ ਵਿੱਚ ਲਗਭਗ 4 ਹਜ਼ਾਰ ਅਵਾਰਾ ਕੁੱਤੇ ਦੱਸੇ ਜਾ ਰਹੇ ਹਨ, ਪਰ ਨਗਰ ਕੌਂਸਲ ਵੱਲੋਂ ਹੁਣ ਤੱਕ ਮਹਿਜ਼ 1540 ਕੁੱਤਿਆਂ ਦੀ ਹੀ ਨਸਬੰਦੀ ਕੀਤੀ ਗਈ ਹੈ। ਨਗਰ ਕੌਂਸਲ ਦੇ ਈ.ਓ. (EO) ਚਰਨਜੀਤ ਸਿੰਘ ਅਨੁਸਾਰ, ਸਾਲ 2021 ਤੋਂ ਹੁਣ ਤੱਕ 1303 ਰੁਪਏ ਪ੍ਰਤੀ ਕੁੱਤਾ ਦੇ ਹਿਸਾਬ ਨਾਲ ਨਸਬੰਦੀ ਕੀਤੀ ਗਈ ਹੈ ਅਤੇ ਨਵੇਂ ਸਰਵੇ ਅਨੁਸਾਰ ਬਾਕੀ ਰਹਿੰਦੇ 2500 ਹੋਰ ਕੁੱਤਿਆਂ ਲਈ ਜਲਦੀ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਸਰਕਾਰੀ ਖਜ਼ਾਨੇ 'ਤੇ ਵੱਡਾ ਬੋਝ
ਇਹ ਸਮੱਸਿਆ ਨਾ ਸਿਰਫ਼ ਲੋਕਾਂ ਦੀ ਜਾਨ ਲਈ ਖਤਰਾ ਹੈ, ਸਗੋਂ ਸਰਕਾਰੀ ਖਜ਼ਾਨੇ ਨੂੰ ਵੀ ਵੱਡੀ ਢਾਹ ਲਗਾ ਰਹੀ ਹੈ। ਸਿਵਲ ਹਸਪਤਾਲ 'ਚ ਲੱਗਣ ਵਾਲੇ ਮਹਿੰਗੇ ਟੀਕਿਆਂ (ਇੰਜੈਕਸ਼ਨ) ਦੇ ਖਰਚੇ ਤੋਂ ਇਲਾਵਾ, ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਨਗਰ ਕੌਂਸਲ ਨੂੰ ਪੀੜਤਾਂ ਨੂੰ ਮੁਆਵਜ਼ਾ ਵੀ ਦੇਣਾ ਪੈ ਰਿਹਾ ਹੈ।

ਸਿਹਤ ਵਿਭਾਗ ਦੀ ਸਲਾਹ
ਐੱਸ.ਐੱਮ.ਓ. (SMO) ਡਾਕਟਰ ਮਨਿੰਦਰ ਸਿੰਘ ਭਾਸ਼ੀਨ ਨੇ ਦੱਸਿਆ ਕਿ ਡੋਗ ਬਾਈਟ ਦੇ ਕੇਸ ਵਿੱਚ ਚਾਰ ਇੰਜੈਕਸ਼ਨ ਲਗਾਏ ਜਾਂਦੇ ਹਨ ਅਤੇ ਜ਼ਖਮ ਦੇ ਹਿਸਾਬ ਨਾਲ ਸੀਰਮ ਵੀ ਲਗਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਕੁੱਤੇ ਦੇ ਕੱਟਣ 'ਤੇ ਤੁਰੰਤ ਸਿਵਲ ਹਸਪਤਾਲ ਪਹੁੰਚ ਕੇ ਇਲਾਜ ਕਰਵਾਉਣਾ ਚਾਹੀਦਾ ਹੈ। 

ਪੀੜਤਾਂ, ਜਿਨ੍ਹਾਂ 'ਚ ਵੀਰਪਾਲ ਕੌਰ ਤੇ ਪੂਜਾ ਗੋਇਲ ਸ਼ਾਮਲ ਹਨ, ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਖਤਰਨਾਕ ਸਮੱਸਿਆ ਦਾ ਜਲਦ ਤੋਂ ਜਲਦ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਲੋਕ ਖੌਫ਼ ਤੋਂ ਮੁਕਤ ਹੋ ਕੇ ਵਿਚਰ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News