ਫੈਕਟਰੀ ਦੇ ਬਾਹਰ ਮਾਲਕ ਨਾਲ ਹੋ ਗਈ ਲੁੱਟ-ਖੋਹ, CCTV ''ਚ ਕੈਦ ਹੋਏ ਮੁਲਜ਼ਮ

Friday, May 08, 2026 - 05:30 PM (IST)

ਫੈਕਟਰੀ ਦੇ ਬਾਹਰ ਮਾਲਕ ਨਾਲ ਹੋ ਗਈ ਲੁੱਟ-ਖੋਹ, CCTV ''ਚ ਕੈਦ ਹੋਏ ਮੁਲਜ਼ਮ

ਲੁਧਿਆਣਾ (ਰਾਜ): ਮਹਾਨਗਰ ਵਿਚ ਬਾਈਕਰ ਲੁਟੇਰਿਆਂ ਨੇ ਇਕ ਵਾਰ ਫਿਰ ਪੁਲਸ ਦੀ ਗਸ਼ਤ ਦੇ ਦਾਅਵਿਆਂ ਦੀ ਫ਼ੂਕ ਕੱਢਦਿਆਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਵਾਰ ਲੁਟੇਰਿਆਂ ਨੇ ਸ਼ਿਵਪੁਰੀ ਇਲਾਕੇ ਵਿਚ ਇਕ ਫੈਕਟਰੀ ਮਾਲਕ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਦਿਨ-ਦਿਹਾੜੇ ਉਨ੍ਹਾਂ ਦੇ ਹੱਥੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਹਾਲਾਂਕਿ, ਭੱਜਦੇ ਸਮੇਂ ਮੁਲਜ਼ਮਾਂ ਦੀ ਇਹ ਕਰਤੂਤ ਅਤੇ ਉਨ੍ਹਾਂ ਦੇ ਚਿਹਰੇ ਨੇੜੇ ਹੀ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਏ ਹਨ। 

ਫੈਕਟਰੀ ਮਾਲਕ ਪੰਕਜ ਨੇ ਦੱਸਿਆ ਕਿ ਉਹ ਸ਼ਾਮ ਨੂੰ ਆਪਣੀ ਫੈਕਟਰੀ ਦੇ ਬਾਹਰ ਖੜ੍ਹਾ ਸੀ, ਉਦੋਂ ਹੀ ਉਨ੍ਹਾਂ ਦੇ ਮੋਬਾਈਲ 'ਤੇ ਕਿਸੇ ਦੀ ਕਾਲ ਆਈ। ਜਿਵੇਂ ਹੀ ਉਹ ਫੋਨ ਰਿਸੀਵ ਕਰਕੇ ਗੱਲ ਕਰਨ ਲੱਗੇ, ਨੇੜੇ ਹੀ ਗਲੀ ਦੇ ਮੋੜ 'ਤੇ ਖੜ੍ਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਆਪਣੀ ਚਾਲ ਚੱਲੀ। ਮੁਲਜ਼ਮ ਅਚਾਨਕ ਤੇਜ਼ ਰਫ਼ਤਾਰ ਵਿਚ ਪੰਕਜ ਦੇ ਕੋਲ ਆਏ ਅਤੇ ਬਿਜਲੀ ਵਰਗੀ ਫੁਰਤੀ ਨਾਲ ਉਨ੍ਹਾਂ ਦੇ ਹੱਥ 'ਤੇ ਝਪਟਾ ਮਾਰ ਕੇ ਮੋਬਾਈਲ ਫੋਨ ਖੋਹ ਲਿਆ। ਉਸ ਨੇ ਹਿੰਮਤ ਦਿਖਾਉਂਦੇ ਹੋਏ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਅਤੇ ਸ਼ੋਰ ਮਚਾਇਆ, ਪਰ ਸ਼ਾਤਰ ਲੁਟੇਰੇ ਗਲੀਆਂ ਦੇ ਰਸਤੇ ਭੱਜਣ ਵਿਚ ਕਾਮਯਾਬ ਰਹੇ। 

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਥਾਣਾ ਪੁਲਸ ਅਤੇ ਕੰਟਰੋਲ ਰੂਮ ਦੀ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ ਹੈ। ਫੁਟੇਜ ਦੀ ਸ਼ੁਰੂਆਤੀ ਜਾਂਚ ਵਿਚ ਇਕ ਮੁਲਜ਼ਮ ਦਾ ਚਿਹਰਾ ਪੂਰੀ ਤਰ੍ਹਾਂ ਸਾਫ਼ ਨਜ਼ਰ ਆ ਰਿਹਾ ਹੈ ਅਤੇ ਉਨ੍ਹਾਂ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਪਛਾਣੀ ਜਾ ਸਕਦੀ ਹੈ। ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News