ਦੁਬਈ ''ਚ ਫਸਿਆ ਨੌਜਵਾਨ ਪਰਤਿਆ ਭਾਰਤ, ਸੁਣਾਈ ਦਾਸਤਾਨ
Saturday, Feb 29, 2020 - 10:52 AM (IST)
ਪਟਿਆਲਾ (ਰਾਜੇਸ਼): ਏਜੰਟਾਂ ਵਲੋਂ ਨੌਜਵਾਨਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਲੱਖਾਂ ਦੀ ਲੁੱਟ ਕੀਤੇ ਜਾਣ ਦੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਅਜਿਹੇ ਸੁਪਨੇ ਇਕ ਏਜੰਟ ਨੇ ਪਟਿਆਲਾ ਵਾਸੀ ਨਿਤਿਸ਼ ਨੂੰ ਵੀ ਦਿਖਾਏ, ਜਿਸ ਦੇ ਭਰੋਸੇ ਕਰਜ਼ਾ ਲੈ ਕੇ ਉਹ ਦੁਬਈ ਤਾਂ ਪੁੱਜ ਗਿਆ ਪਰ ਏਜੰਟ ਵਲੋਂ ਦਿਖਾਏ ਸੁਪਨਿਆਂ ਤੋਂ ਸਭ ਕੁਝ ਉਲਟ ਹੀ ਹੋਇਆ, ਜਿਸ ਕੰਪਨੀ 'ਚ ਨੌਕਰੀ ਲਗਵਾਇਆ ਗਿਆ ਉਹ ਵੀ 15 ਦਿਨ ਬਾਅਦ ਬੰਦ ਹੋ ਗਈ ਤੇ ਖੱਜਲ-ਖੁਆਰ ਹੋਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਨਿਤਿਸ਼ ਦੇ ਪਰਿਵਾਰ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੁੱਖ ਡਾ.ਐੱਸ.ਪੀ. ਓਬਰਾਏ ਕੋਲ ਉਸ ਨੂੰ ਵਾਪਸ ਲਿਆਉਣ ਲਈ ਗੁਹਾਰ ਲਗਾਈ, ਜਿਸ 'ਤੇ ਡਾ. ਓਬਰਾਏ ਨੇ ਅਗਲੇ ਹਫਤੇ ਤੱਕ ਨਿਤਿਸ਼ ਨੂੰ ਵਾਪਸ ਲਿਆਉਣ ਦਾ ਭਰੋਸਾ ਦਿੱਤਾ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਖੱਜਲ-ਖੁਆਰੀ ਤੋਂ ਬਾਅਦ ਜਿਹੜੇ 30 ਪੰਜਾਬੀ ਨੌਜਵਾਨ ਦੁਬਈ ਵਿਚ ਕੰਪਨੀ ਦੇ ਬੰਦ ਹੋਣ ਨਾਲ ਬੇਰੋਜ਼ਗਾਰ ਹੋ ਗਏ ਸਨ, ਉਨ੍ਹਾਂ 'ਚੋਂ 8 ਨੌਜਵਾਨਾਂ ਨੂੰ ਖ਼ੁਦ ਐੱਸ. ਪੀ. ਸਿੰਘ ਓਬਰਾਏ ਨਾਲ ਲੈ ਕੇ ਮੋਹਾਲੀ ਏਅਰਪੋਰਟ 'ਤੇ ਆਏ ਸਨ। ਬਾਕੀ ਰਹਿੰਦੇ 20 ਨੌਜਵਾਨ ਵੀ ਅਗਲੇ ਹਫ਼ਤੇ ਪੰਜਾਬ ਪਰਤ ਆਉਣਗੇ। ਪਟਿਆਲਾ ਤੋਂ ਨੌਜਵਾਨ ਨਿਤੀਸ਼ ਦੇ ਪਰਿਵਾਰਕ ਮੈਂਬਰ ਅੱਜ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਮਿਲਣ ਪੁੱਜੇ।ਡਾ. ਓਬਰਾਏ ਨੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ 3 ਹਫਤਿਆਂ ਤੋਂ ਦੁਬਈ ਵਿਖੇ ਇਹ ਨੌਜਵਾਨ ਉਨ੍ਹਾਂ ਦੇ ਕੈਂਪ ਵਿਚ ਰਹਿ ਰਹੇ ਹਨ। ਉਨ੍ਹਾਂ ਦਾ ਸਾਰਾ ਖਰਚਾ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਹਿਲਾਂ ਵੀ ਇਨ੍ਹਾਂ ਸਾਰਿਆਂ ਦੀਆਂ ਹਵਾਈ ਟਿਕਟਾਂ ਦਾ ਖਰਚਾ ਡਾ. ਓਬਰਾਏ ਵੱਲੋਂ ਕੀਤਾ ਗਿਆ ਸੀ। ਬਾਕੀ ਰਹਿੰਦੇ ਨੌਜਵਾਨਾਂ ਦੀਆਂ ਟਿਕਟਾਂ ਦਾ ਖਰਚਾ ਵੀ ਦਿੱਤਾ ਜਾਵੇਗਾ। ਓਬਰਾਏ ਨੇ ਦੱਸਿਆ ਕਿ ਇਨ੍ਹਾਂ ਦੀ ਕਾਗਜ਼ੀ ਕਾਰਵਾਈ ਇਕ-ਦੋ ਦਿਨਾਂ ਵਿਚ ਮੁਕੰਮਲ ਹੋ ਜਾਵੇਗੀ। ਅਗਲੇ ਹਫ਼ਤੇ ਇਹ ਨੌਜਵਾਨ ਵਾਪਸ ਪੰਜਾਬ ਆ ਜਾਣਗੇ।