ਦੁਬਈ ’ਚ ਜ਼ਿੰਦਗੀ ਦੀ ਆਸ ਛੱਡ ਚੁੱਕੇ ਕਪੂਰਥਲਾ ਦੇ ਨੌਜਵਾਨ ਨੂੰ ਮੌਤ ਦੇ ਮੂੰਹ ’ਚ ਕੱਢ ਲਿਆਏ ਡਾ. ਓਬਰਾਏ

Thursday, Sep 09, 2021 - 06:08 PM (IST)

ਦੁਬਈ ’ਚ ਜ਼ਿੰਦਗੀ ਦੀ ਆਸ ਛੱਡ ਚੁੱਕੇ ਕਪੂਰਥਲਾ ਦੇ ਨੌਜਵਾਨ ਨੂੰ ਮੌਤ ਦੇ ਮੂੰਹ ’ਚ ਕੱਢ ਲਿਆਏ ਡਾ. ਓਬਰਾਏ

ਜਲੰਧਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਮੁੜ ਦੁਬਈ ’ਚ ਮੌਤ ਦੀ ਸਜ਼ਾ ਭੁਗਤ ਰਹੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਪਿੰਡ ਜੈਨਪੁਰ ਦੇ ਸੋਹਨ ਲਾਲ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਮੌਤ ਦੇ ਮੂੰਹ ’ਚੋਂ ਬਚਾ ਕੇ ਆਪਣੀ ਸੇਵਾ ਦੇ ਇਤਿਹਾਸ ਵਿਚ ਮੁੜ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ ਹੈ। ਮੌਤ ਦੇ ਮੂੰਹ ’ਚੋਂ ਨਿਕਲ ਕੇ ਬੀਤੀ ਰਾਤ ਆਪਣੇ ਪਰਿਵਾਰ ਕੋਲ ਪਹੁੰਚੇ ਸੋਹਨ ਲਾਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਅੱਜ ਇਥੇ ਇਕ ਪ੍ਰੈੱਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਦੁਬਈ ਅੰਦਰ 9 ਜੂਨ 2016 ਨੂੰ ਹੋਏ ਇਕ ਝਗੜੇ ਦੌਰਾਨ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਡਡਹਾ ਦੌਲਤਪੁਰ ਨਾਲ ਸਬੰਧਤ ਜਸਵੀਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਉਪਰੰਤ ਦੁਬਈ ਪੁਲਸ ਨੇ ਇਸ ਕੇਸ ’ਚ ਸੋਹਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਅਦ ’ਚ ਕੇਸ ਚੱਲਣ ਦੌਰਾਨ ਅਦਾਲਤ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ।

ਇਹ ਵੀ ਪੜ੍ਹੋ : ਮਾਝਾ ਦੇ ਜਰਨੈਲ ਬਣੇ ਪ੍ਰਤਾਪ ਬਾਜਵਾ, ਕੈਪਟਨ ਵਲੋਂ ਪੂਰਾ ਸਮਰਥਨ

ਡਾ. ਓਬਰਾਏ ਨੇ ਦੱਸਿਆ ਕਿ ਜਦ ਇਸ ਕੇਸ ਦੇ ਹੱਲ ਸਬੰਧੀ ਰਿਟਾਇਰਡ ਆਈ.ਪੀ.ਐੱਸ. ਸੱਜਣ ਸਿੰਘ ਚੀਮਾ ਨੇ ਉਨ੍ਹਾਂ ਨੂੰ ਮਿਲ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਬਲੱਡ ਮਨੀ ਲੈਣ ਲਈ ਰਾਜ਼ੀ ਕਰਨ ਉਪਰੰਤ ਪਰਿਵਾਰ ਕੋਲੋਂ ਸਹਿਮਤੀ ਲੈ ਕੇ ਮੌਤ ਦੀ ਸਜ਼ਾਯਾਫ਼ਤਾ ਸੋਹਨ ਲਾਲ ਪੁੱਤਰ ਕਰਮ ਚੰਦ ਦਾ ਕੋਰਟ ਕੇਸ ਲੜਿਆ ਅਤੇ ਪੀੜਤ ਪਰਿਵਾਰ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਉਸ ਦੀ ਫ਼ਾਂਸੀ ਮੁਆਫ਼ ਕਰਵਾਉਣ ਉਪਰੰਤ ਅੱਜ ਕਰੀਬ 5 ਸਾਲ 2 ਮਹੀਨਿਆਂ ਬਾਅਦ ਜੇਲ੍ਹ ਦੀ ਕੋਠੜੀ ’ਚੋਂ ਕੱਢ ਕੇ ਉਸ ਨੂੰ ਪਰਿਵਾਰ ’ਚ ਲੈ ਆਂਦਾ ਹੈ।

ਇਹ ਵੀ ਪੜ੍ਹੋ : ਕੈਪਟਨ ਖ਼ਿਲਾਫ਼ ਤਖ਼ਤਾਪਲਟ ’ਚ ਅਸਫ਼ਲ ਰਹੇ ਮੰਤਰੀ ਰੰਧਾਵਾ, ਬਾਜਵਾ ਤੇ ਸਰਕਾਰੀਆ ਨੇ ਮੁੜ ਸੰਭਾਲੀ ‘ਕਮਾਨ’

ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਅਰਬ ਜੇਲ੍ਹਾਂ ਤੋਂ 117 ਨੌਜਵਾਨਾਂ ਨੂੰ ਫਾਂਸੀ ਜਾਂ ਉਮਰ ਕੈਦ ਤੋਂ ਬਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚ 85 ਨੌਜਵਾਨ ਪੰਜਾਬ, 2 ਹਰਿਆਣਾ, 3 ਹੈਦਰਾਬਾਦ,1 ਗੁਜਰਾਤ,1 ਬਿਹਾਰ, 2 ਮਹਾਰਾਸ਼ਟਰ, 17 ਪਾਕਿਸਤਾਨ, 1 ਫ਼ਿਲਪਾਈਨ ਅਤੇ 5 ਬੰਗਲਾਦੇਸ਼ ਨਾਲ ਸਬੰਧਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਹੁਣ ਤੱਕ 249 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵੀ ਅਰਬ ਦੇਸ਼ਾਂ ਤੋਂ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ।

ਇਹ ਵੀ ਪੜ੍ਹੋ : 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ

ਇਸੇ ਦੌਰਾਨ ਗੱਲਬਾਤ ਕਰਦਿਆਂ ਫਾਂਸੀ ਦੀ ਸਜ਼ਾ ਤੋਂ ਬੱਚ ਕੇ ਆਏ ਸੋਹਨ ਲਾਲ ਨੇ ਦੱਸਿਆ ਕਿ ਉਸ ਨੇ ਤਾਂ ਆਸ ਲਾਹ ਦਿੱਤੀ ਸੀ ਕਿ ਹੁਣ ਉਹ ਕਦੇ ਵੀ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕੇਗਾ ਪਰ ਅਚਾਨਕ ਰੱਬ ਦੇ ਫ਼ਰਿਸ਼ਤੇ ਰੂਪੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਉਸ ਲਈ ਕਾਨੂੰਨੀ ਲੜਾਈ ਲੜ ਕੇ ਅਤੇ ਬਲੱਡ ਮਨੀ ਦੇ ਕੇ ਉਸ ਨੂੰ ਮੌਤ ਦੇ ਐਨ ਨੇੜਿਓਂ ਬਚਾ ਕੇ ਇਕ ਨਵਾਂ ਜੀਵਨ ਦਿੱਤਾ ਹੈ। ਸੋਹਨ ਲਾਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾ.ਐੱਸ. ਪੀ. ਸਿੰਘ ਓਬਰਾਏ ਦਾ ਇਸ ਵੱਡੇ ਪਰਉਪਕਾਰ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਅਤੇ ਰਹਿੰਦੀ ਜ਼ਿੰਦਗੀ ਡਾ.ਓਬਰਾਏ ਦੇ ਰਿਣੀ ਰਹਿਣਗੇ।

ਇਹ ਵੀ ਪੜ੍ਹੋ : ਇਕ ਸਾਲ ਪਹਿਲਾਂ ਵੱਡੇ ਅਤੇ ਹੁਣ ਛੋਟੇ ਪੁੱਤ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਧਾਹਾਂ ਮਾਰ ਰੋਈ ਮਾਂ


author

Gurminder Singh

Content Editor

Related News