ਡੀ. ਐੱਸ. ਪੀ. ਅਤੁਲ ਸੋਨੀ ਦੀਆਂ ਵਧੀਆਂ ਮੁਸ਼ਕਲਾਂ, ਸਸਪੈਂਡ ਕਰਨ ਦੀ ਸਿਫਾਰਿਸ਼

01/25/2020 4:11:36 PM

ਮੋਹਾਲੀ (ਰਾਣਾ) : ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਮੁਲਜ਼ਮ ਡੀ. ਐੱਸ. ਪੀ. ਅਤੁਲ ਸੋਨੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਪੰਜਾਬ ਪੁਲਸ ਨੇ ਵੀ ਡੀ. ਐੱਸ. ਪੀ. ਦੇ ਇਸ ਰਵੱਈਏ ਨੂੰ ਗੰਭੀਰਤਾ ਨਾਲ ਲਿਆ ਹੈ। ਪੁਲਸ ਵਿਭਾਗ ਨੇ ਇਸਨੂੰ ਅਪਰਾਧਿਕ ਕਿਸਮ ਦਾ ਰਵੱਈਆ ਦੱਸਿਆ ਹੈ, ਨਾਲ ਹੀ ਸਰਕਾਰ ਨੂੰ ਡੀ. ਐੱਸ. ਪੀ. ਅਤੁਲ ਸੋਨੀ ਨੂੰ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਹੈ। ਪੰਜਾਬ ਪੁਲਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।
ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ
ਫੇਜ਼-8 ਥਾਣਾ ਪ੍ਰਭਾਰੀ ਸ਼ਿਵਦੀਪ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫਤਾਰੀ ਲਈ ਉਨ੍ਹਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਸਦੀ ਲੋਕੇਸ਼ਨ ਟਰੇਸ ਨਹੀਂ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਹੀ ਅਤੁਲ ਸੋਨੀ ਦੀ ਗ੍ਰਿਫਤਾਰੀ ਹੋ ਜਾਵੇਗੀ, ਹਾਲਾਂਕਿ ਡੀ. ਐੱਸ. ਪੀ. ਦਾ ਫੋਨ ਬੰਦ ਆ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਉਹ ਹੁਣ ਹਾਈਕੋਰਟ ਦੀ ਸ਼ਰਨ ਲਵੇਗਾ।
ਪਤਨੀ ਵੀ ਨਹੀਂ ਕਰ ਰਹੀ ਜਾਂਚ ਜੁਆਇਨ
ਫੇਜ਼-8 ਥਾਣਾ ਪੁਲਸ ਮੁਤਾਬਕ ਅਤੁਲ ਸੋਨੀ ਦੀ ਪਤਨੀ ਸੁਨੀਤਾ ਸੋਨੀ ਨੇ ਆਪਣੇ ਪਤੀ ਖਿਲਾਫ ਆਪ ਆਪਣੇ ਹੱਥਾਂ ਨਾਲ ਲਿਖ ਕੇ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਨੂੰ ਇਸ ਕੇਸ ਵਿਚ ਜਾਂਚ ਜੁਆਇਨ ਕਰਨ ਲਈ ਵੀ ਸੰਮਨ ਭੇਜਿਆ ਜਾ ਚੁੱਕਿਆ ਹੈ ਪਰ ਹੁਣ ਤੱਕ ਉਨ੍ਹਾਂ ਵਲੋਂ ਜਾਂਚ ਜੁਆਇਨ ਨਹੀਂ ਕੀਤੀ ਗਈ ਹੈ।
ਐੱਸ. ਐੱਸ. ਪੀ. ਨੇ ਭੇਜੀ ਸੀ ਰਿਪੋਰਟ
ਡੀ. ਐੱਸ. ਪੀ. ਅਤੁਲ ਸੋਨੀ ਖਿਲਾਫ ਹੋਈ ਐੱਫ. ਆਈ. ਆਰ. ਸਬੰਧੀ ਪੂਰੀ ਰਿਪੋਰਟ ਬਣਾ ਕੇ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਿਲ ਨੇ ਬਟਾਲੀਅਨ ਦੇ ਅਧਿਕਾਰੀਆਂ ਨੇ ਭੇਜੀ ਸੀ। ਉਥੇ ਹੀ ਸੁਨੀਤਾ ਸੋਨੀ ਵਲੋਂ ਵੀ ਇਕ ਐਫੀਡੇਵਿਟ ਬਟਾਲੀਅਨ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ, ਜਿਸ ਵਿਚ ਉਸਨੇ ਲਿਖਿਆ ਹੈ ਕਿ ਪੁਲਸ ਨੇ ਅਤੁਲ ਸੋਨੀ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ। ਜਦੋਂ ਉਸਨੇ ਸ਼ਿਕਾਇਤ ਦਿੱਤੀ ਸੀ, ਤਦ ਉਹ ਗ਼ੁੱਸੇ ਵਿਚ ਸੀ ਅਤੇ ਪੁਲਸ ਨੇ ਉਸਦਾ ਫਾਇਦਾ ਚੁੱਕਦੇ ਹੋਏ ਅਪਰਾਧਿਕ ਧਾਰਾਵਾਂ ਜੋੜ ਕੇ ਐੱਫ. ਆਈ. ਆਰ. ਦਰਜ ਕਰ ਦਿੱਤੀ। ਉਥੇ ਹੀ, ਅਤੁਲ ਸੋਨੀ ਦੇ ਘਰੋਂ ਪੁਲਸ ਨੂੰ ਬਰਾਮਦ ਹੋਈ 32 ਬੋਰ ਦੀ ਪਿਸਟਲ ਦੇ ਬਾਰੇ ਵਿਚ ਥਾਣਾ ਪੁਲਸ ਦਾ ਕਹਿਣਾ ਹੈ ਕਿ ਇਹ ਗ਼ੈਰ-ਕਾਨੂੰਨੀ ਹੈ।


Babita

Content Editor

Related News