ਸ਼ਰਾਬੀ ਦਾ ਕਾਰਨਾਮਾ, ਰਾਤੋ-ਰਾਤ PRTC ਦੀ ਬੱਸ ਹੀ ਕਰ ਲਈ ਚੋਰੀ, ਅਗਲੇ ਦਿਨ ਬੱਸ ਸਣੇ ਖਤਾਨਾਂ ’ਚੋਂ ਮਿਲਿਆ

Sunday, Jul 30, 2023 - 10:20 PM (IST)

ਸ਼ਰਾਬੀ ਦਾ ਕਾਰਨਾਮਾ, ਰਾਤੋ-ਰਾਤ PRTC ਦੀ ਬੱਸ ਹੀ ਕਰ ਲਈ ਚੋਰੀ, ਅਗਲੇ ਦਿਨ ਬੱਸ ਸਣੇ ਖਤਾਨਾਂ ’ਚੋਂ ਮਿਲਿਆ

ਪਟਿਆਲਾ/ਸਮਾਣਾ (ਜੋਸਨ, ਦਰਦ, ਅਸ਼ੋਕ)-ਸਮਾਣਾ ਸ਼ਹਿਰ ਨੇੜੇ ਪੈਂਦੇ ਕਸਬਾ ਤਲਵੰਡੀ ’ਚੋਂ ਪੀ. ਆਰ. ਟੀ. ਸੀ. ਦੀ ਬੱਸ ਇਕ ਸ਼ਰਾਬੀ ਚੋਰ ਵੱਲੋਂ ਰਾਤ ਸਮੇਂ ਚੋਰੀ ਕੀਤੇ ਜਾਣ ਦੀ ਜਾਣਕਾਰੀ ਮਿਲੀ। ਇੰਨਾ ਹੀ ਨਹੀਂ, ਇਹ ਬੱਸ ਅਗਲੇ ਦਿਨ ਬਰਾਮਦ ਵੀ ਕਰ ਲਈ ਗਈ ਹੈ ਅਤੇ ਚੋਰ ਵੀ ਕਾਬੂ ਕਰ ਲਿਆ ਗਿਆ ਹੈ। ਏ. ਐੱਸ. ਆਈ. ਗੁਰਦੇਵ ਸਿੰਘ ਚੀਮਾ ਅਨੁਸਾਰ ਪੁਲਸ ਨੇ ਪਿੰਡ ਦੋਦੜਾ ਤੋਂ ਬੱਸ ਬਰਾਮਦ ਕਰ ਕੇ ਮੁਲਜ਼ਮ ਰਣਜੀਤ ਸਿੰਘ ਉਰਫ ਜੀਤਾ ਨਿਵਾਸੀ ਪਿੰਡ ਤਲਵੰਡੀ ਮਲਿਕ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਕੇ ਮਾਣਯੋਗ ਅਦਾਲਤ ’ਚ ਪੇਸ਼ ਕਰ ਮਿਲੇ ਹੁਕਮਾਂ ਉਪਰੰਤ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਸਚਿਨ ਬਿਸ਼ਨੋਈ ਨੂੰ ਲਿਆਂਦਾ ਜਾਵੇਗਾ ਭਾਰਤ, ਸੁਰੱਖਿਆ ਏਜੰਸੀਆਂ ਦੀ ਟੀਮ ਅਜ਼ਰਬੈਜਾਨ ਰਵਾਨਾ

ਜਾਣਕਾਰੀ ਅਨੁਸਾਰ ਪੀ. ਆਰ. ਟੀ. ਸੀ. ਦੀ ਬੱਸ ਜੋ ਕਿ ਤਲਵੰਡੀ-ਪਟਿਆਲਾ-ਤਲਵੰਡੀ ਰੂਟ ’ਤੇ ਵਾਇਆ ਸਮਾਣਾ ਹੋ ਕੇ ਜਾਂਦੀ ਸੀ। ਇਸ ਬੱਸ ਦਾ ਰਾਤ ਸਮੇਂ ਠਹਿਰਾਅ ਤਲਵੰਡੀ ਵਿਖੇ ਹੈ। ਰੋਜ਼ਾਨਾ ਦੀ ਤਰ੍ਹਾਂ ਇਹ ਬੱਸ ਖੜ੍ਹੀ ਸੀ ਅਤੇ 28 ਜੁਲਾਈ ਨੂੰ ਰਾਤ ਤਕਰੀਬਨ 12 ਵਜੇ ਇਕ ਵਿਅਕਤੀ ਨੇ ਸ਼ਰਾਬੀ ਹਾਲਤ ’ਚ ਇਸ ਬੱਸ ਨੂੰ ਚੋਰੀ ਕਰ ਲਿਆ। ਸੂਤਰ ਦੱਸਦੇ ਹਨ ਕਿ ਜਦੋਂ ਇਹ ਬੱਸ ਚੋਰ ਲੈ ਕੇ ਜਾ ਰਿਹਾ ਸੀ ਤਾਂ ਨਾਲ ਲੱਗਦੇ ਪਿੰਡ ਦੋਦੜਾ ਕੋਲ ਜਾ ਕੇ ਬੱਸ ਅਚਾਨਕ ਖੇਤਾਂ ’ਚ ਡਿੱਗ ਗਈ।

ਇਹ ਖ਼ਬਰ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰਨ ਵਾਪਰਿਆ ਭਿਆਨਕ ਹਾਦਸਾ, 5 ਕਾਰਾਂ ਆਪਸ ’ਚ ਟਕਰਾ ਕੇ ਹੋਈਆਂ ਚਕਨਾਚੂਰ, 15 ਲੋਕ ਜ਼ਖ਼ਮੀ

ਚੋਰ ਦੇ ਸ਼ਰਾਬੀ ਹੋਣ ਕਰ ਕੇ ਬੱਸ ਵੀ ਬਾਹਰ ਨਾ ਨਿਕਲੀ ਅਤੇ ਚੋਰ ਵੀ ਉੱਥੇ ਹੀ ਸੌਂ ਗਿਆ, ਜਿਸ ਨੂੰ ਅਗਲੇ ਦਿਨ ਖਤਾਨਾਂ ’ਚੋਂ ਬਰਾਮਦ ਕਰ ਲਿਆ ਗਿਆ। ਇਸ ਸਬੰਧੀ ਪੁਲਸ ਚੌਕੀ ਗਾਜੇਵਾਸ ਦੇ ਇੰਚਾਰਜ ਦਾ ਕਹਿਣਾ ਹੈ ਕਿ ਬੱਸ ਮਿਲ ਗਈ ਹੈ ਅਤੇ ਚੋਰ ਸ਼ਰਾਬੀ ਸੀ। ਇਸ ਬੱਸ ਨੂੰ ਰਾਤ ਸਮੇਂ ਲਿਜਾਂਦੇ ਹੋਏ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Manoj

Content Editor

Related News