ਪੰਜਾਬ ਦੇ ਇਸ ਸਿਵਲ ਹਸਪਤਾਲ ’ਚ ਗਰਮੀਆਂ ਦੀਆਂ ਛੁੱਟੀਆਂ ਕੱਟ ਰਹੇ ਹਨ ਨਸ਼ੇੜੀ
Monday, Jun 24, 2019 - 12:41 AM (IST)

ਫਿਲੌਰ, (ਭਾਖਡ਼ੀ)–ਸਿਵਲ ਹਸਪਤਾਲ ਜੋ ਫਿਲੌਰ ਅਤੇ ਨੇਡ਼ੇ ਦੇ ਪਿੰਡਾਂ ਦੇ ਲੋਕਾਂ ਲਈ ਇਲਾਜ ਲਈ ਸਿਰਫ ਇਕ ਵੱਡਾ ਹਸਪਤਾਲ ਹੈ। ਉਹ ਹਸਪਤਾਲ ਨਸ਼ੇਡ਼ੀ ਤੇ ਮਨਚਲਿਆਂ ਦੀ ਪਨਾਹਗਾਹ ਬਣਿਆ ਹੋਇਆ ਹੈ। ਗਰਮੀਆਂ ਦੀ ਛੁੱਟੀਆਂ ਦਾ ਆਨੰਦ ਲੈਣ ਲਈ ਬੱਚੇ ਆਪਣੇ ਨਾਨਕੇ ਘਰ ਜਾਂ ਫਿਰ ਪਹਾਡ਼ਾਂ ਵਿਚ ਜਾਣਾ ਪਸੰਦ ਕਰਦੇ ਹਨ। ਉੱਥੇ ਮਨਚਲੇ ਗਰਮੀਆਂ ਦੀਆਂ ਛੁੱਟੀਆਂ ਸਥਾਨਕ ਹਸਪਤਾਲ ਵਿਚ ਕੱਟ ਕੇ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਇਨ੍ਹਾਂ ਨਸ਼ੇਡ਼ੀਆਂ ਨੇ ਹਸਪਤਾਲ ਦੀ ਦੂਜੀ ਮੰਜ਼ਲ ’ਤੇ ਬਣੇ ਵਾਰਡ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਿੱਥੇ ਉਹ ਮਰੀਜ਼ਾਂ ਦੇ ਬਿਸਤਰੇ ’ਤੇ ਕੋਈ ਗੇਮ ਖੇਡ ਰਿਹਾ ਹੁੰਦਾ ਹੈ ਤੇ ਕੋਈ ਜੁੱਤੀਆਂ ਸਮੇਤ ਨਸ਼ੇ ਦਾ ਸੇਵਨ ਕਰ ਕੇ ਲੇਟਿਆ ਹੁੰਦਾ ਹੈ। ਕੁਝ ਲਡ਼ਕੇ ਬਿਸਤਰਿਆਂ ’ਤੇ ਇਕੱਠੇ ਹੋ ਕੇ ਭੱਦੇ ਮਜ਼ਾਕ ਕਰਦੇ ਹਨ। ਇਹ ਲਡ਼ਕੇ ਪਿਛਲੇ ਲੰਮੇ ਸਮੇਂ ਤੋਂ ਡੇਰਾ ਜਮਾਈ ਬੈਠੇ ਹਨ।
ਉਧਰ ਸ਼ਹਿਰ ਵਾਸੀ ਜਿਥੇ ਭਿਆਨਕ ਗਰਮੀ ਅਤੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਆਪਣੇ ਘਰਾਂ ਵਿਚ ਹਾਏ ਤੌਬਾ ਕਰ ਰਹੇ ਹਨ। ਉਥੇ ਹਸਪਤਾਲ ’ਚ ਡੇਰਾ ਜਮਾਈ ਬੈਠੇ ਇਨ੍ਹਾਂ ਮਵਾਲੀਆਂ ਲਈ ਬਿਜਲੀ ਜਾਂਦੇ ਹੀ ਤੁਰੰਤ ਜਨਰੇਟਰ ਚੱਲ ਪੈਂਦਾ ਹੈ। ਲੋਕਾਂ ਨੂੰ ਮਹਿੰਗਾਈ ਦੇ ਇਸ ਯੁੱਗ ’ਚ ਦੋ ਵਕਤ ਦੀ ਰੋਟੀ ਲਈ ਸਖਤ ਮਿਹਨਤ ਕਰਨੀ ਪੈ ਰਹੀ ਹੈ, ਜਦਕਿ ਮਵਾਲੀਆਂ ਨੂੰ ਸਵੇਰੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਚਾਹ ਬਿਸਤਰਿਆਂ ’ਤੇ ਲੇਟੇ ਹੀ ਮਿਲ ਰਹੀ ਹੈ ਤੇ ਦੁਪਹਿਰ ਦਾ ਭੋਜਨ ਇਕ ਧਾਰਮਕ ਸੰਸਥਾ ਵਲੋਂ ਭੇਜੇ ਜਾ ਰਹੇ ਲੰਗਰ ਦੇ ਰੂਪ ’ਚ ਪ੍ਰਾਪਤ ਹੋ ਰਿਹਾ ਹੈ। ਹਸਪਤਾਲ ਦਾ ਆਲਮ ਇਹ ਹੋ ਚੁੱਕਾ ਹੈ ਕਿ ਜਿਨ੍ਹਾਂ ਬਿਸਤਰਿਆਂ ’ਤੇ ਮਰੀਜ਼ਾਂ ਨੇ ਲੇਟਣਾ ਹੈ ਉਥ ਮਵਾਲੀ ਲੇਟੇ ਹੋਏ ਹਨ ਤੇ ਮਰੀਜ਼ ਬਾਹਰ ਖੁੱਲ੍ਹੇ ’ਚ ਦਰੱਖਤਾਂ ਦੇ ਹੇਠਾਂ ਬੈਠਣ ਲਈ ਮਜਬੂਰ ਹਨ।
ਹਸਪਤਾਲ ਦੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਖੁੱਲ੍ਹ ਕੇ ਦੱਸਿਆ ਕਿ ਉਹ ਖੁਦ ਇਨ੍ਹਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਨ੍ਹਾਂ ਨੂੰ ਕਿਵੇਂ ਭਜਾਉਣ। ਕਈ ਵਾਰ ਉਨ੍ਹਾਂ ਨੇ ਨਸ਼ੇਡ਼ੀਆਂ ਨੂੰ ਇਥੇ ਨਸ਼ੇ ਦੇ ਟੀਕੇ ਲਾਉਂਦੇ ਅਤੇ ਸਫੈਦ ਪਾਊਡਰ ਦਾ ਸੇਵਨ ਕਰਦੇ ਫਡ਼ਿਆ ਹੈ। ਉਹ ਤਾਂ ਅੱਗਿਓਂ ਬਹਿਸ ਕਰਨ ਲੱਗ ਪੈਂਦੇ ਹਨ ਜਾਂ ਫਿਰ ਹੱਥ-ਛੁਡਾ ਕੇ ਭੱਜ ਜਾਂਦੇ ਹਨ। ਸਵੇਰੇ ਸ਼ਾਮ ਉਹ ਜਦ ਵੀ ਰਾਊਂਡ ’ਤੇ ਜਾਂਦੇ ਹਨ ਤਾਂ ਉਹ ਇਧਰ-ਉਧਰ ਖਿਸਕ ਜਾਂਦੇ ਹਨ। ਉਨ੍ਹਾਂ ਕਈ ਵਾਰ ਪੁਲਸ ਤੋਂ ਵੀ ਮੰਗ ਕੀਤੀ ਹੈ ਕਿ ਦੋ ਵਕਤ ਪੁਲਸ ਕਰਮਚਾਰੀ ਇਥੇ ਚੱਕਰ ਕੱਟ ਕੇ ਜਾਣ ਅਤੇ ਜੋ ਨਸ਼ੇਡ਼ੀ ਬਿਨਾਂ ਦਾਖਲ ਹੋਏ ਇਥੇ ਰੁਕੇ ਹਨ ਉਨਾਂ ’ਤੇ ਕਾਰਵਾਈ ਕਰਨ। ਅਫਸੋਸ ਦੀ ਗੱਲ ਹੈ ਕਿ ਪੁਲਸ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਯਾਦ ਰਹੇ ਕਿ ਕੁਝ ਸਮਾਂ ਪਹਿਲਾਂ ਹਸਪਤਾਲ ਦੇ ਬਾਥਰੂਮ ’ਚ ਨਸ਼ਾ ਕਰਦੇ ਹੋਏ ਦੋ ਨੌਜਵਾਨ ਲਡ਼ਕੇ ਓਵਰਡੋਜ਼ ਨਾਲ ਦਮ ਤੋਡ਼ ਚੁੱਕੇ ਹਨ। ਉਕਤ ਘਟਨਾ ਤੋਂ ਨਾ ਤਾਂ ਸਥਾਨਕ ਪ੍ਰਸ਼ਾਸਨ ਨੇ ਕੋਈ ਸਬਕ ਲਿਆ ਅਤੇ ਨਾ ਹੀ ਹਸਪਤਾਲ ਪ੍ਰਬੰਧਾਂ ਵਿਚ ਕੋਈ ਸੁਧਾਰ ਹੋਇਆ। ਉਲਟਾ ਹਸਪਤਾਲ ਵਿਚ ਨਾਜਾਇਜ਼ ਤੌਰ ’ਤੇ ਰਹਿਣ ਵਾਲੇ ਇਨ੍ਹਾਂ ਮਨਚਲਿਆਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ। ਜੇਕਰ ਜਲਦ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁਕਿਆ ਤਾਂ ਹਸਪਤਾਲ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ ਨਹੀਂ ਸਗੋਂ ਇਨ੍ਹਾਂ ਮਨਚਲਿਆਂ ਦਾ ਕਬਜ਼ਾ ਹੋਵੇਗਾ।