ਸ਼ਰੇਬਾਜ਼ਾਰ ਨਸ਼ੇ ’ਚ ਟੱਲੀ ਹੋਈ ਵਿਖਾਈ ਦਿੱਤੀ ਚੂੜੇ ਵਾਲੀ ਮੁਟਿਆਰ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ
Monday, Sep 12, 2022 - 10:58 AM (IST)
ਅੰਮ੍ਰਿਤਸਰ (ਅਰੁਣ) - ਮੁੱਖ ਮੰਤਰੀ ਭਗਵੰਤ ਮਾਨ ਨਸ਼ਿਆਂ ਨੂੰ ਜੜ੍ਹੋਂ ਖਾਤਮ ਕਰਨ ਦੀ ਹਾਮੀ ਭਰਦੇ ਨਹੀਂ ਥੱਕਦੇ ਪਰ ਆਏ ਦਿਨ ਨਸ਼ਿਆਂ ਦੀ ਬਹਿਣੀ ਬਹਿ ਰਹੀ ਨੌਜਵਾਨ ਪੀੜ੍ਹੀ ਸਰਕਾਰ ਦੇ ਸਭ ਦਾਅਵਿਆਂ ਨੂੰ ਠੇਂਗਾ ਦਿਖਾਉਂਦੀ ਨਜ਼ਰ ਆਉਂਦੀ ਹੈ। ਅਜਿਹੀ ਹੀ ਇਕ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ’ਚ ਇਕ ਅਲੜ ਮੁਟਿਆਰ ਨਸ਼ੇ ਦਾ ਟੀਕਾ ਲਗਾਉਣ ਮਗਰੋਂ ਚੱਲਣਾ ਤਾਂ ਦੂਰ ਦੀ ਗੱਲ, ਉਹ ਆਪਣੇ ਪੈਰਾਂ ’ਤੇ ਵੀ ਪੂਰੀ ਤਰ੍ਹਾਂ ਖੜ੍ਹੀ ਨਹੀਂ ਸੀ ਹੋ ਪਾ ਰਹੀ ਸੀ। ਕੁੜੀ ਦੀ ਇਸ ਵੀਡੀਓ ਤੋਂ ਪੰਜਾਬ ਅੰਦਰ ਪੈਰ ਪਸਾਰ ਰਹੇ ਨਸ਼ੇ ਦੇ ਕਹਿਰ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਮੁਟਿਆਰ ਦੇ ਹੱਥ ਵਿਚ ਪਾਇਆ ਸੂਹਾ ਚੂੜਾ ਜੋ ਕੇ ਨਵ-ਵਿਆਹੀ ਹੋਣ ਦੀ ਹਾਮੀ ਭਰ ਰਿਹਾ ਹੈ। ਆਮ ਪਬਲਿਕ ਵੱਲੋਂ ਸ਼ਹਿਰ ਦੇ ਪੁਲਸ ਕਮਿਸ਼ਨਰ ਕੋਲੋਂ ਮੰਗ ਕਰਦਿਆਂ ਇਸ ਵਾਇਰਲ ਵੀਡੀਓ ਦੀ ਭਲੀ ਭਾਂਤੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਪੁਲਸ ਕਰੇਗੀ ਸੱਚਾਈ ਦਾ ਪਰਦਾਫਾਸ਼ : ਡੀ. ਸੀ. ਪੀ. ਭੁੱਲਰ
ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਵਾਇਰਲ ਹੋਈ ਇਹ ਵੀਡੀਓ ਅੱਜ ਹੀ ਉਨ੍ਹਾਂ ਦੇ ਧਿਆਨ ਵਿਚ ਆਈ ਹੈ। ਇਸ ਵੀਡੀਓ ਵਿਚ ਕੁੜੀ ਵਲੋਂ ਨਸ਼ਾ ਸੇਵਨ ਕਰਨ ਦੀ ਕੋਈ ਝਲਕ ਨਹੀਂ ਨਜ਼ਰ ਆ ਰਹੀ ਅਤੇ ਇਹ ਵੀਡੀਓ ਨਵੀਂ ਹੈ ਜਾਂ ਪੁਰਾਣੀ ਪੁਲਸ ਇਸ ਵੀਡੀਓ ਦੀ ਪੂਰੀ ਤਰ੍ਹਾਂ ਸੱਚਾਈ ਘੋਖਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁੜੀ ਨੂੰ ਨਸ਼ਾ ਕਰਨ ਦੀ ਹਾਲਤ ਵਿਚ ਜਿਸ ਵੀ ਵਿਅਕਤੀ ਵਲੋਂ ਦੇਖਿਆ ਗਿਆ ਸੀ ਤਾਂ ਉਸ ਵੱਲੋਂ ਤੁਰੰਤ ਪੁਲਸ ਕੰਟਰੋਲ ਰੂਮ, ਨੇੜਲੇ ਪੁਲਸ ਸਟੇਸ਼ਨ ਜਾਣ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਿਉਂ ਨਹੀਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਜਾਂ ਫਿਰ ਗੁੰਮਰਾਹ ਕੁੰਨ ਕਾਰਗੁਜ਼ਾਰੀ ਸਾਹਮਣੇ ਆਉਣ ’ਤੇ ਪੁਲਸ ਵੱਲੋਂ ਸੰਬੰਧਤ ਵਿਅਕਤੀ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਡੀ. ਸੀ. ਪੀ. ਭੁੱਲਰ ਨੇ ਦੱਸਿਆ ਕਿ ਵੀਡੀਓ ਮੁਤਾਬਕ ਸੰਬੰਧਤ ਇਲਾਕੇ ਵਿਚ ਚਾਰ ਥਾਣਾ ਮੁਖੀਆਂ ਦੀ ਟੀਮ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਹਰੇਕ ਸ਼ੱਕੀ ਵਿਅਕਤੀ ਨੂੰ ਪੁਲਸ ਵੱਲੋਂ ਹਿਰਾਸਤ ਵਿੱਚ ਲਿਆ ਜਾਵੇਗਾ।