ਹਵਾਲਾਤੀ ਦੇ ਗੁਪਤ ਅੰਗ ''ਚੋਂ ਨਸ਼ੀਲਾ ਪਾਊਡਰ ਬਰਾਮਦ

07/10/2017 6:43:00 AM

ਕਪੂਰਥਲਾ, (ਮਲਹੋਤਰਾ)- ਸਿਵਲ ਹਸਪਤਾਲ ਕਪੂਰਥਲਾ ਤੋਂ ਆਪਣਾ ਇਲਾਜ ਕਰਵਾ ਕੇ ਵਾਪਸ ਮਾਡਰਨ ਜੇਲ ਜਾ ਰਹੇ ਇਕ ਹਵਾਲਾਤੀ ਤੋਂ ਗੇਟ 'ਤੇ ਤਲਾਸ਼ੀ ਦੌਰਾਨ ਭਾਰੀ ਮਾਤਰਾ 'ਚ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਦੋਸ਼ੀ ਦੇ ਵਿਰੁੱਧ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਲਾਤੀ ਜਸਬੀਰ ਸਿੰਘ ਉਰਫ ਚੈਰੀ ਪੁੱਤਰ ਕੁਲਦੀਪ ਸਿੰਘ ਨਿਵਾਸੀ ਮੁਹੱਲਾ ਸੂਦਾਂ, ਮਹਿਤਾਬਪੁਰ, ਜ਼ਿਲਾ ਜਲੰਧਰ ਜੋ ਇਕ ਅਪਰਾਧਿਕ ਮਾਮਲੇ 'ਚ ਕਪੂਰਥਲਾ ਦੀ ਮਾਡਰਨ ਜੇਲ 'ਚ ਬੰਦ ਸੀ। ਬੀਤੇ ਦਿਨਾਂ ਤੋਂ ਉਸਦੀ ਸਿਹਤ ਖਰਾਬ ਹੋਣ ਦੇ ਕਾਰਨ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ। ਕੁਝ ਦਿਨ ਇਲਾਜ ਕਰਵਾਉਣ ਤੋਂ ਬਾਅਦ ਜਦੋਂ ਉਸਨੂੰ ਵਾਪਸ ਪੁਲਸ ਪਾਰਟੀ ਵਲੋਂ ਮਾਡਰਨ ਜੇਲ 'ਚ ਲਿਆਂਦਾ ਜਾ ਰਿਹਾ ਸੀ ਤਾਂ ਮਾਡਰਨ ਜੇਲ ਦੇ ਕਰਮਚਾਰੀਆਂ ਨੇ ਜਦੋਂ ਉਸਦੀ ਗੇਟ 'ਤੇ ਤਲਾਸ਼ੀ ਲਈ ਤਾਂ ਉਕਤ ਦੋਸ਼ੀ ਨੇ ਆਪਣੇ ਗੁਪਤ ਅੰਗ ਦੇ ਨਾਲ ਪਲਾਸਟਿਕ ਦੇ ਲਿਫਾਫੇ 'ਚ ਨਸ਼ੀਲਾ ਪਾਊਡਰ ਬੰਨ੍ਹ ਰੱਖਿਆ ਸੀ। ਪੁਲਸ ਪਾਰਟੀ ਨੇ ਦੋਸ਼ੀ ਤੋਂ 30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਉਸਦੇ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਕੋਤਵਾਲੀ ਦੇ ਇੰਚਾਰਜ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਹੁਣ ਇਸ ਜਾਂਚ 'ਚ ਜੁਟ ਗਈ ਹੈ ਕਿ ਸਿਵਲ ਹਸਪਤਾਲ 'ਚ ਹਵਾਲਾਤੀ ਚੈਰੀ ਦੇ ਇਲਾਜ ਦੌਰਾਨ ਉਸਨੂੰ ਮਿਲਣ ਦੇ ਲਈ ਕੌਣ-ਕੌਣ ਆਇਆ ਸੀ।


Related News