NCB ਚੀਫ ਨੂੰ ਮਿਲੇ ਮਨਜਿੰਦਰ ਸਿਰਸਾ, ਡਰੱਗ ਪਾਰਟੀ ਨੂੰ ਲੈ ਕੇ ਕਰਨ ਜੌਹਰ ਸਮੇਤ ਹੋਰਾਂ ਖਿਲਾਫ ਕੀਤੀ ਸ਼ਿਕਾਇਤ

09/15/2020 8:15:24 PM

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅੱਜ ਸ਼ਾਮ ਨਵੀਂ ਦਿੱਲੀ ਦੇ ਲੋਧੀ ਰੋਡ ਸਥਿਤ ਬੀ. ਐਸ. ਐਫ. ਹੈਡਕੁਆਰਟਰ 'ਚ ਨਾਰਕੋਟਿਕ ਕੰਟਰੋਲ ਬਿਊਰੋ ਦੇ ਮੁਖੀ ਰਾਕੇਸ਼ ਅਸਥਾਨਾ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਨੇ ਇਸ ਦੌਰਾਨ ਐਨ. ਸੀ. ਬੀ. ਚੀਫ ਰਾਕੇਸ਼ ਅਸਥਾਨਾ ਨੂੰ ਬਾਲੀਵੁੱਡ ਡਾਇਰੈਕਟਰ/ਪ੍ਰੋਡਿਊਸਰ ਕਰਨ ਜੌਹਰ ਤੇ ਹੋਰ ਬਾਲੀਵੁੱਡ ਕਲਾਕਾਰਾਂ ਵਲੋਂ ਮੁੰਬਈ 'ਚ ਆਪਣੇ ਘਰ 'ਚ ਡਰੱਗ ਪਾਰਟੀ ਕਰਨ ਨੂੰ ਲੈ ਕੇ ਜਾਂਚ ਅਤੇ ਕਾਰਵਾਈ ਕਰਨ ਲਈ ਲਿਖਤ ਸ਼ਿਕਾਇਤ ਦਿੱਤੀ ਹੈ।  

ਸਿਰਸਾ ਨੇ ਐਨ. ਸੀ. ਬੀ. ਚੀਫ ਨੂੰ ਕੁੱਝ ਸਬੂਤ ਵੀ ਸੌਂਪੇ ਹਨ, ਜਿਸ ਮੁਤਾਬਕ ਕਰਨ ਜੌਹਰ ਦੇ ਘਰ 'ਚ ਡਰੱਗ ਪਾਰਟੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਾਹਿਦ ਕਪੂਰ, 'ਉਡਦਾ ਪੰਜਾਬ' 'ਚ ਪੂਰੀ ਦੁਨੀਆ ਦੇ ਸਾਹਮਣੇ ਸਿੱਖ ਨੌਜਵਾਨਾਂ ਨੂੰ ਨਸ਼ੇੜੀ ਦਿਖਾ ਰਿਹਾ ਹੈ ਪਰ ਸੱਚਾਈ ਉਡਦਾ ਬਾਲੀਵੁੱਡ ਹੈ। ਸਿਰਸਾ ਨੇ ਕਿਹਾ ਕਿ ਮੈਂ 9 ਮਹੀਨੇ ਤੋਂ ਇਸ ਮਾਮਲੇ ਨੂੰ ਫਾਲੋ ਕਰ ਰਿਹਾ ਹਾਂ ਅਤੇ ਪਿਛਲੇ ਸਾਲ ਇਸ ਮਾਮਲੇ ਦੇ ਬਾਰੇ 'ਚ ਮੁੰਬਈ ਦੇ ਪੁਲਸ ਕਮਿਸ਼ਨਰ ਨੂੰ ਵੀ ਲਿਖਿਆ ਸੀ। ਮੇਰੀ ਸ਼ਿਕਾਇਤ ਪਹਿਲਾਂ ਤੋਂ ਹੀ ਮੁੰਬਈ ਦੇ ਪੁਲਸ ਕਮਿਸ਼ਨਰ ਕੋਲ ਪੈਂਡਿੰਗ ਹੈ ਅਤੇ ਉਹ ਇਸ ਮਾਮਲੇ 'ਚ ਬਿਲਕੁਲ ਵੀ ਦਿਲਚਸਪੀ ਨਹੀਂ ਲੈ ਰਹੇ ਹਨ। ਮੁੰਬਈ ਪੁਲਸ ਨੇ ਮੇਰੇ ਨਾਲ ਹੋਰ ਮਾਮਲਿਆਂ ਲਈ ਸੰਪਰਕ ਕੀਤਾ ਪਰ ਡਰੱਗ ਮਾਮਲੇ ਦੇ ਲਈ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਜੇਕਰ ਇਸ ਮਾਮਲੇ ਦੀ ਜਾਂਚ ਪਹਿਲਾਂ ਕੀਤੀ ਗਈ ਹੁੰਦੀ ਤਾਂ ਅਸੀਂ ਸੁਸ਼ਾਂਤ ਰਾਜਪੂਤ ਨੂੰ ਨਾ ਗੁਆਉਂਦੇ।  ਉਥੇ ਹੀ ਐਨ. ਸੀ. ਬੀ. ਮੁਖੀ ਨੇ ਕਿਹਾ ਕਿ ਉਹ ਇਸ ਸ਼ਿਕਾਇਤ 'ਤੇ ਨਿਸ਼ਚਿਤ ਰੂਪ ਨਾਲ ਧਿਆਨ ਦੇਣਗੇ ਅਤੇ ਇਸ ਮਾਮਲੇ ਦੀ ਜਾਂਚ ਕਰਨਗੇ।


Deepak Kumar

Content Editor

Related News