ਨਸ਼ੇ ਦੀ ਓਵਰਡੋਜ਼ ਨੇ ਮੁੜ ਲਈ ਇਕ ਹੋਰ ਨੌਜਵਾਨ ਦੀ ਜਾਨ
Sunday, Jan 12, 2020 - 06:05 PM (IST)

ਮੋਗਾ (ਆਜ਼ਾਦ)– ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਚੂਹੜਚੱਕ ਵਿੱਖੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿ੍ਤਕ ਦੀ ਪਛਾਣ ਬਲਜਿੰਦਰ ਸਿੰਘ (28) ਵਜੋਂ ਹੋਈ ਹੈ, ਜੋ ਨਸ਼ੇ ਕਰਨ ਦਾ ਆਦੀ ਸੀ। ਮੌਕੇ ’ਤੇ ਪੁੱਜੀ ਪੁਲਸ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਅਜੀਤਵਾਲ ਦੇ ਮੁੱਖ ਅਫਸਰ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਲਜਿੰਦਰ ਦੀ ਨਸ਼ੇ ਦੀ ਓਵਰਡੋਜ਼ ਦਾ ਟੀਕਾ ਲੱਗਣ ਕਾਰਨ ਮੌਤ ਹੋ ਗਈ , ਜਿਸ ’ਤੇ ਮੈਂ ਅਤੇ ਸਹਾਇਕ ਥਾਣੇਦਾਰ ਸੋਹਣ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਮਾਮਲੇ ਦੀ ਜਾਂਚ ਕਰਦੇ ਹੋਏ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਮ੍ਰਿਤਕ ਦੀ ਮਾਤਾ ਜਸਮੇਲ ਕੌਰ ਪਤਨੀ ਪਿਆਰਾ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿੰਡ ਢੁੱਡੀਕੇ ਵਿਖੇ ਇਕ ਭੱਠੇ ’ਤੇ ਕੰਮ ਕਰਦਾ ਸੀ। ਉਸ ਦੇ ਦੋ ਦੋਸਤ ਮੱਸਾ ਸਿੰਘ ਅਤੇ ਹੈਪੀ ਰਾਤ ਦੇ ਸਮੇਂ ਉਸ ਨੂੰ ਘਰੋਂ ਸੱਦ ਕੇ ਲੈ ਕੇ ਗਏ ਸਨ। ਅੱਜ ਸਵੇਰੇ ਜਦੋਂ ਅਸੀਂ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉੱਠਿਆ। ਮੈਨੂੰ ਸ਼ੱਕ ਹੈ ਕਿ ਉਸ ਦੇ ਦੋਸਤਾਂ ਵਲੋਂ ਨਸ਼ੇ ਦੀ ਓਵਰਡੋਜ਼ ਦਾ ਟੀਕਾ ਲਾਇਆ ਗਿਆ ਹੈ, ਜਿਸ ਕਾਰਨ ਉਸ ਦੇ ਪੁੱਤਰ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਕਿਹਾ ਕਿ ਮ੍ਰਿਤਕ ਦੀ ਜੇਬ ’ਚੋਂ ਟੀਕੇ ਵਾਲੀ ਸੂਈ ਬਰਾਮਦ ਹੋਈ ਹੈ ਪਰ ਉਨ੍ਹਾਂ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ। ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸੋਹਣ ਸਿੰਘ ਕਰ ਰਹੇ ਹਨ ਅਤੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।