ਜਲ ਸਪਲਾਈ ਪਾਈਪਾਂ ’ਚ ਲੀਕੇਜ ਕਾਰਨ ਭੂੰਨੋਂ ਵਾਸੀ ਗੰਦਾ ਪਾਣੀ ਪੀਣ ਨੂੰ ਮਜਬੂਰ

Wednesday, Jun 27, 2018 - 04:55 AM (IST)

ਜਲ ਸਪਲਾਈ ਪਾਈਪਾਂ ’ਚ ਲੀਕੇਜ ਕਾਰਨ ਭੂੰਨੋਂ ਵਾਸੀ ਗੰਦਾ ਪਾਣੀ ਪੀਣ ਨੂੰ ਮਜਬੂਰ

ਮਾਹਿਲਪੁਰ, (ਜ.ਬ.)- ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਲੋਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਵਿਚ ਕਿੰਨੀ ਕੁ ਸੱਚਾਈ ਹੈ, ਇਸ ਦੀ ਮਿਸਾਲ ਹੈ ਪਿੰਡ ਭੂੰਨੋਂ, ਜਿੱਥੇ ਕਰੀਬ 1 ਸਾਲ  ਤੋਂ  ਜਲ  ਸਪਲਾਈ ਪਾਈਪਾਂ  ਵਿਚ  4 ਥਾਵਾਂ ’ਤੇ ਹੋ  ਰਹੀ  ਲੀਕੇਜ  ਕਾਰਨ ਪਿੰਡ  ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਇਸ ਸਬੰਧੀ   ਭੂੰਨੋਂ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਪਾਈਪਾਂ ਵਿਚ ਲੀਕੇਜ ਸਬੰਧੀ ਕਈ ਵਾਰ ਪੰਚਾਇਤ ਨੂੰ ਨਾਲ ਲੈ ਕੇ ਜਲ ਸਪਲਾਈ ਵਿਭਾਗ ਦੇ ਦਫਤਰ ਦੇ ਗੇਡ਼ੇ ਮਾਰ ਚੁੱਕੇ ਹਨ ਪਰ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰੇ  ਨਜ਼ਦੀਕ ਲੀਕੇਜ ਕਾਰਨ  ਨਾਲੀਆਂ ਦਾ ਗੰਦਾ  ਪਾਣੀ ਜਲ ਸਪਲਾਈ ਪਾਈਪਾਂ ਵਿਚ ਚਲਾ ਜਾਂਦਾ ਹੈ, ਜੋ ਪੀਣ ਵਾਲੇ ਪਾਣੀ ਨੂੰ ਗੰਦਾ ਕਰ ਦਿੰਦਾ ਹੈ, ਜੋ ਪੀਣਾ ਪਿੰਡ ਵਾਸੀਆਂ ਦੀ ਮਜਬੂਰੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਤਿੰਨ ਹੋਰ ਵੱਖ-ਵੱਖ ਥਾਵਾਂ ’ਤੇ ਜਲ ਸਪਲਾਈ ਪਾਈਪਾਂ ਵਿਚ ਲੀਕੇਜ ਕਾਰਨ ਡੂੰਘੇ ਟੋਏ ਬਣ ਗਏ ਹਨ, ਜਿਨ੍ਹਾਂ ਵਿਚ ਕੁੱਤਿਆਂ ਸਮੇਤ ਹੋਰ ਅਵਾਰਾ ਪਸ਼ੂ ਗੰਦ ਪਾਉਂਦੇ ਆਮ ਦੇਖੇ ਜਾਂਦੇ ਹਨ। ਉਹੀ ਗੰਦਾ ਪਾਣੀ ਦੁਬਾਰਾ ਟੂਟੀਆਂ ਰਾਹੀਂ ਲੋਕਾਂ ਦੇ ਘਰਾਂ ਵਿਚ ਪਹੁੰਚਦਾ ਹੈ। ਗੰਦਾ ਪਾਣੀ ਪੀਣ ਨਾਲ ਪਿੰਡ ਦੇ ਲੋਕ ਕਈ ਬੀਮਾਰੀਆਂ ਦੀ ਲਪੇਟ ਵਿਚ ਆ ਚੁੱਕੇ ਹਨ ਪਰ ਫਿਰ ਵੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਗੂਡ਼੍ਹੀ ਨੀਂਦੇ ਸੁੱਤਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਲ ਸਪਲਾਈ ਪਾੲੀਪਾਂ ਵਿਚ ਲੀਕੇਜ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ। 
ਉਨ੍ਹਾਂ ਦੱਸਿਆ ਕਿ ਇਸ ਸਕੀਮ ਨੂੰ ਚਾਲੂ ਕਰਨ ਵੇਲੇ ਮੌਕੇ ਦੇ ਅਧਿਕਾਰੀ ਨੇ ਉੱਚ ਸਿਆਸੀ ਪਹੁੰਚ ਕਾਰਨ ਕਥਿਤ ਮਿਲੀਭੁਗਤ ਕਰ ਕੇ ਘਟੀਆ ਮਟੀਰੀਅਲ ਵਰਤ ਕੇ ਸਕੀਮ ਚਾਲੂ ਤਾਂ ਕਰ ਦਿੱਤੀ ਸੀ ਪਰ ਕੁਝ ਸਮੇਂ ਬਾਅਦ ਹੀ ਜਲ ਸਪਲਾਈ ਪਾਈਪਾਂ ਨੇ ਦਮ ਤੋਡ਼ਨਾ ਸ਼ੁਰੂ ਕਰ ਦਿੱਤਾ ਸੀ  ਅਤੇ ਇਹ  ਕ੍ਰਮ ਅੱਜ ਤੱਕ ਜਾਰੀ ਹੈ।  
ਕੀ ਕਹਿੰਦੇ ਹਨ ਐੱਸ. ਡੀ. ਓ. : ਇਸ ਸਬੰਧੀ  ਵਿਭਾਗ ਦੇ ਐੱਸ. ਡੀ. ਓ. ਸੰਤੋਖ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡਾਂ ’ਚ ਜਲ ਸਪਲਾਈ ਪਾਈਪਾਂ ਵਿਚ ਲੀਕੇਜ ਦੀ ਮੁਰੰਮਤ ਦਾ ਕੰਮ ਪਹਿਲ ਦੇ ਅਾਧਾਰ ’ਤੇ ਚੱਲ ਰਿਹਾ ਹੈ। ਜਲਦ ਪਿੰਡ ਭੂੰਨੋਂ ਵਾਸੀਆਂ ਦੀ ਉਕਤ ਸਮੱਸਿਆ ਦਾ ਹੱਲ ਕਰ  ਦਿੱਤਾ ਜਾਵੇਗਾ। ਵਿਭਾਗ ਲੋਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ  ਮੁਹੱਈਆ  ਕਰਵਾਉਣ ਲਈ ਵਚਨਬੱਧ ਹੈ।
 


Related News