ਇੰਸ਼ੋਰੈਂਸ ਕੰਪਨੀ ਤੋਂ ਕਲੇਮ ਲੈਣ ਲਈ ਰਚਿਆ ਸੀ ਡਰਾਮਾ

Friday, Apr 20, 2018 - 02:43 AM (IST)

ਅੰਮ੍ਰਿਤਸਰ,   (ਸੰਜੀਵ)-  57 ਹਜ਼ਾਰ ਨੂੰ 23 ਲੱਖ ਦੀ ਲੁੱਟ ਦੱਸ ਕੇ ਇੰਸ਼ੋਰੈਂਸ ਕੰਪਨੀ ਤੋਂ ਲੱਖਾਂ ਰੁਪਏ ਦਾ ਕਲੇਮ ਲੈਣ ਦੀ ਖਾਤਿਰ ਡਾਟਾਵਿੰਡ ਕੰਪਨੀ ਵੱਲੋਂ ਰਚਿਆ ਗਿਆ ਡਰਾਮਾ ਉਸ ਸਮੇਂ ਉਥੇ ਦਾ ਉਥੇ ਹੀ ਰਹਿ ਗਿਆ, ਜਦੋਂ ਜ਼ਿਲਾ ਪੁਲਸ ਨੇ ਤਹਿ-ਦਰ-ਤਹਿ ਸਾਰੇ ਤੱਥਾਂ ਨੂੰ ਖੋਲ੍ਹ ਕੇ ਸੱਚਾਈ ਤੋਂ ਪਰਦਾ ਚੁੱਕ ਦਿੱਤਾ। ਕੰਪਨੀ ਦੇ ਸਟਾਕ ਰਜਿਸਟਰ ਅਤੇ ਬੰਦੀ ਬਣਾਏ ਗਏ ਸੁਰੱਖਿਆ ਗਾਰਡ ਕਰਮਜੀਤ ਸਿੰਘ ਦੇ ਬਿਆਨਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਤਾਲਮੇਲ ਨਾ ਹੋਣ 'ਤੇ ਪੁਲਸ ਨੇ ਮਾਮਲਾ ਤਾਂ ਦਰਜ ਕਰ ਲਿਆ ਸੀ ਪਰ ਅੱਜ ਤੀਸਰੇ ਦਿਨ ਹੀ ਕੰਪਨੀ ਦੇ ਡਰਾਮੇ ਤੋਂ ਪਰਦਾ ਚੁੱਕ ਦਿੱਤਾ ਅਤੇ 57 ਹਜ਼ਾਰ ਦੀ ਚੋਰੀ ਸਬੰਧੀ ਕੰਪਨੀ ਦੇ ਲੀਗਲ ਐਡਵਾਈਜ਼ਰ ਅਮਿਤ ਗੌਤਮ ਨੇ ਪੁਸ਼ਟੀ ਕਰ ਦਿੱਤੀ ਹੈ। ਉਸ ਨੇ ਪੁਲਸ ਨੂੰ ਇਸ ਦੇ ਬਾਰੇ ਵਿਚ ਲਿਖਤੀ ਬਿਆਨ ਵੀ ਦਰਜ ਕਰਵਾ ਦਿੱਤਾ ਹੈ।  
ਕਿਹੜੇ ਬਿੰਦੂਆਂ 'ਤੇ ਪੁਲਸ ਨੇ ਕੀਤੀ ਜਾਂਚ?
ਡਾਟਾਵਿੰਡ ਕੰਪਨੀ ਵੱਲੋਂ ਲੁੱਟ ਦੀ ਸ਼ਿਕਾਇਤ 'ਤੇ ਪਹੁੰਚੀ ਪੁਲਸ ਨੇ ਪਹਿਲਾਂ ਤਾਂ ਕੰਪਨੀ ਦਾ ਸਾਰਾ ਰਿਕਾਰਡ ਕਬਜ਼ੇ ਵਿਚ ਲੈ ਲਿਆ, ਜਿਸ ਵਿਚ ਕੰਪਨੀ ਦੇ ਸਟਾਕ ਰਜਿਸਟਰ ਦੇ ਇਲਾਵਾ ਆਉਣ ਵਾਲੇ ਸਾਰੇ ਸਾਮਾਨ ਦੇ ਕਾਗਜ਼ਾਤ ਸਨ। ਉਪਰੰਤ ਪੁਲਸ ਵੱਲੋਂ ਜਾਂਚ ਲਈ ਸੁਰੱਖਿਆ ਗਾਰਡ ਕਰਮਜੀਤ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ, ਜਿਸ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਤਿੰਨ ਨਕਾਬਪੋਸ਼ ਲੁਟੇਰੇ ਆਏ ਤਾਂ ਜ਼ਰੂਰ ਸਨ ਅਤੇ ਉਸ ਨੂੰ ਬੰਦੀ ਵੀ ਬਣਾਇਆ ਗਿਆ ਸੀ ਪਰ ਖਾਲੀ ਹੱਥ ਆਏ ਲੁਟੇਰੇ ਬਿਨਾਂ ਕੁੱਝ ਲਏ ਖਾਲੀ ਹੱਥ ਹੀ ਚਲੇ ਗਏ ਸਨ, ਜਿਸ ਦੇ ਨਾਲ ਪੁਲਸ ਨੂੰ ਪੂਰਾ ਸ਼ੱਕ ਹੋਇਆ ਅਤੇ ਕਬਜ਼ੇ ਵਿਚ ਲਿਆ ਗਿਆ ਕੰਪਨੀ ਦਾ ਰਿਕਾਰਡ ਖੰਗਾਲਣ 'ਤੇ ਪਤਾ ਲੱਗਾ ਕਿ ਨਾ ਤਾਂ ਗੋਦਾਮ ਵਿਚ ਪਿਆ ਸਟਾਕ ਘੱਟ ਹੋਇਆ ਹੈ ਅਤੇ ਨਾ ਹੀ ਭਾਰੀ ਮਾਤਰਾ ਵਿਚ ਲੁਟੇਰੇ ਸਾਮਾਨ ਲੈ ਕੇ ਗਏ ਹਨ।  
ਜਗ ਬਾਣੀ ਨੇ ਪਹਿਲੇ ਦਿਨ ਹੀ ਲਿਖਿਆ ਸੀ ਮਾਮਲਾ ਸ਼ੱਕੀ ਹੋਣ ਦਾ ਸ਼ੱਕ
ਡਾਟਾਵਿੰਡ ਵਿਚ ਹੋਈ ਲੱਖਾਂ ਦੀ ਚੋਰੀ ਦੇ ਸਬੰਧ ਵਿਚ ਬੇਸ਼ੱਕ ਪੁਲਸ ਵੱਲੋਂ 23 ਲੱਖ ਦੀ ਲੁੱਟ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਜਗ ਬਾਣੀ ਨੇ ਪਹਿਲੇ ਹੀ ਦਿਨ ਲਿਖ ਦਿੱਤਾ ਸੀ ਕਿ ਮਾਮਲਾ ਸ਼ੱਕ ਦੇ ਘੇਰੇ ਵਿਚ ਹੈ। 
ਪੁਲਸ ਵੀ ਸ਼ੱਕ ਕਰ ਰਹੀ ਹੈ ਕਿ 23 ਲੱਖ ਦੀ ਲੁੱਟ ਨੂੰ ਲੈ ਕੇ ਕਿਤੇ ਨਾ ਕਿਤੇ ਦਾਲ ਵਿਚ ਕਾਲਾ ਹੈ। ਇਹ ਵੀ ਲਿਖਿਆ ਗਿਆ ਸੀ ਕਿ ਡਾਟਾਵਿੰਡ ਕੰਪਨੀ ਦਾ ਰਿਕਾਰਡ ਅਤੇ ਸਟਾਕ ਰਜਿਸਟਰ ਕਬਜ਼ੇ ਵਿਚ ਲੈਣ ਦੇ ਬਾਅਦ ਮਾਮਲਾ ਹੋਰ ਵੀ ਸ਼ੱਕ ਦੇ ਘੇਰੇ ਵਿਚ ਆ ਚੁੱਕਾ ਹੈ।  
ਕਿਵੇਂ ਸਪੱਸ਼ਟ ਹੋਇਆ ਲੁੱਟ ਦਾ ਇਹ ਮਾਮਲਾ?
ਥਾਣਾ ਸੁਲਤਾਨਵਿੰਡ ਦੇ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਕੰਪਨੀ ਦੇ ਅਧਿਕਾਰੀਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 17 ਅਪ੍ਰੈਲ ਦੀ ਸਵੇਰੇ 3 :15 ਵਜੇ ਤਿੰਨ ਨਕਾਬੋਸ਼ ਲੁਟੇਰੇ ਸੁਰੱਖਿਆ ਗਾਰਡ ਨੂੰ ਬੰਦੀ ਬਣਾ ਕੇ 23 ਲੱਖ ਰੁਪਏ ਦੇ ਮੋਬਾਇਲ ਤੇ ਟੈਬਲੇਟਸ ਲੁੱਟ ਲੈ ਗਏ ਹਨ, ਜਿਸ ਦੇ ਬਾਅਦ ਉਨ੍ਹਾਂ ਨੇ ਤੁਰੰਤ ਮੌਕੇ 'ਤੇ ਕੰਪਨੀ ਦੇ ਸਟਾਕ ਰਜਿਸਟਰ ਨੂੰ ਕਬਜ਼ੇ ਵਿਚ ਲਿਆ ਅਤੇ ਬਿਨਾਂ ਦੇਰੀ ਸੁਰੱਖਿਆ ਗਾਰਡ ਕਰਮਜੀਤ ਸਿੰਘ ਨੂੰ ਪੁੱਛਗਿੱਛ ਲਈ ਥਾਣੇ ਭੇਜਿਆ। ਜਿਵੇਂ-ਜਿਵੇਂ ਉਨ੍ਹਾਂ ਨੇ ਕੰਪਨੀ ਦਾ ਰਿਕਾਰਡ ਅਤੇ ਸਟਾਕ ਰਜਿਸਟਰ ਟੈਲੀ ਕੀਤਾ ਤਾਂ ਪੂਰਾ ਮਾਮਲਾ ਉਨ੍ਹਾਂ ਦੇ ਸਾਹਮਣੇ ਸਾਫ਼ ਹੁੰਦਾ ਗਿਆ। ਸੁਰੱਖਿਆ ਗਾਰਡ ਕਰਮਜੀਤ ਸਿੰਘ ਦੇ ਬਿਆਨਾਂ ਨੇ ਇਹ ਵੀ ਖੋਲ੍ਹ ਕੇ ਰੱਖ ਦਿੱਤਾ ਕਿ ਲੁੱਟ ਹੋਈ ਹੀ ਨਹੀਂ ਹੈ। ਅੱਜ ਕੰਪਨੀ ਦੇ ਲੀਗਲ ਐਡਵਾਈਜ਼ਰ ਨੇ ਉਨ੍ਹਾਂ ਨੂੰ ਆਪਣੇ ਬਿਆਨ ਦਰਜ ਕਰਵਾਏ ਕਿ ਡਾਟਾਵਿੰਡ ਤੋਂ ਸਿਰਫ 57 ਹਜ਼ਾਰ ਦੀ ਚੋਰੀ ਹੋਈ ਹੈ।  
ਕੀ ਦਰਜ ਕਰਵਾਇਆ ਸੀ ਕੰਪਨੀ ਨੇ ਮਾਮਲਾ?
ਡਾਟਾਵਿੰਡ ਕੰਪਨੀ ਨੇ 17 ਅਪ੍ਰੈਲ ਨੂੰ ਸਾਰੇ ਕਰਮਚਾਰੀਆਂ ਦੇ ਸਾਹਮਣੇ ਲੁੱਟ ਦਾ ਇਕ ਡਰਾਮਾ ਰਚਿਆ ਅਤੇ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਬਿਆਨ ਦਰਜ ਕਰਵਾਏ ਗਏ ਕਿ 3 ਨਕਾਬਪੋਸ਼ ਲੁਟੇਰੇ ਸੁਰੱਖਿਆ ਗਾਰਡ ਨੂੰ ਬੰਦੀ ਬਣਾ ਕੇ 23 ਲੱਖ ਰੁਪਏ ਦੇ ਮੋਬਾਇਲ ਅਤੇ ਟੈਬਲੇਟਸ ਲੁੱਟ ਲੈ ਗਏ ਹਨ। ਕੰਪਨੀ ਦੀ ਸ਼ਿਕਾਇਤ 'ਤੇ ਪੁਲਸ ਨੇ ਕੇਸ ਤਾਂ ਦਰਜ ਕੀਤਾ ਪਰ ਮਾਮਲਾ ਕੁੱਝ ਸ਼ੱਕੀ ਦਿਖਾਈ ਦੇਣ 'ਤੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। 


Related News