ਪੰਜਾਬ ਸਰਕਾਰ ਨੇ ਬਦਲਾਖੋਰੀ ਨੀਤੀ ਤਹਿਤ ਪਾਇਆ ਮਜੀਠੀਏ ''ਤੇ ਝੂਠਾ ਕੇਸ: ਦਲਜੀਤ ਚੀਮਾ

Thursday, Dec 23, 2021 - 01:12 PM (IST)

ਪੰਜਾਬ ਸਰਕਾਰ ਨੇ ਬਦਲਾਖੋਰੀ ਨੀਤੀ ਤਹਿਤ ਪਾਇਆ ਮਜੀਠੀਏ ''ਤੇ ਝੂਠਾ ਕੇਸ: ਦਲਜੀਤ ਚੀਮਾ

ਸ੍ਰੀ ਆਨੰਦਪੁਰ ਸਾਹਿਬ (ਜ.ਬ.)- ਪੰਜਾਬ ਦੀ ਚੰਨੀ ਸਰਕਾਰ ਨੇ ਗੰਦੀ ਰਾਜਨੀਤੀ ਅਤੇ ਬਦਲਾਖੋਰੀ ਤਹਿਤ ਬਿਕਰਮ ਸਿੰਘ ਮਜੀਠੀਆ 'ਤੇ ਝੂਠਾ ਕੇਸ ਪਾਇਆ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਇਕ ਚੁਣੌਤੀ ਵਜੋਂ ਲਵੇਗਾ ਅਤੇ ਇਸ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ। 

ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਕੇ ਬੀਤੇ ਦਿਨ ਪਹੁੰਚੇ ਡਾ. ਚੀਮਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹੋਈ ਬੇਅਦਬੀ ਦੀ ਘਟਨਾ ਨੇ ਸਮੁੱਚੇ ਜਗਤ ਨੂੰ ਹਲੂਣ ਕੇ ਰੱਖ ਦਿੱਤਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਅਜੇ ਤੱਕ ਦੋਸ਼ੀ ਦੀ ਸ਼ਨਾਖਤ ਵੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਜਦੋਂ ਰਾਜ ਦਾ ਮੁੱਖ ਮੰਤਰੀ, ਕਾਂਗਰਸ ਪ੍ਰਧਾਨ ਅਤੇ ਪੁਲਸ ਆਪਣੇ ਵਿਰੋਧੀਆਂ ਨੂੰ ਥੱਲੇ ਲਾਉਣ ਲਈ ਸਾਜ਼ਿਸ਼ਾਂ ਰਚਦੇ ਹੋਣ ਤਾਂ ਅਜਿਹੀਆਂ ਘਟਨਾਵਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਸੂਬੇ ਦਾ ਪ੍ਰਬੰਧ ਵਿਗੜ ਰਿਹਾ ਹੈ। ਬਿਕਰਮ ਸਿੰਘ ਮਜੀਠੀਆ 'ਤੇ ਹੋਏ ਕੇਸ ਬਾਰੇ ਪੁੱਛਣ 'ਤੇ ਡਾ. ਚੀਮਾ ਨੇ ਕਿਹਾ ਕਿ 2004 ਤੋਂ 2014 ਤੱਕ ਦੀਆਂ ਹੋਈਆਂ ਘਟਨਾਵਾਂ, ਜਿਨ੍ਹਾਂ 'ਤੇ ਕੇਸ ਚੱਲਿਆ ਉਹ ਬਰੀ ਵੀ ਹੋ ਚੁੱਕੇ ਹਨ ਪਰ ਅਫ਼ਸੋਸ ਉਨ੍ਹਾਂ ਦੇ ਆਧਾਰ 'ਤੇ ਝੂਠਾ ਕੇਸ ਦਰਜ ਕੀਤਾ ਗਿਆ, ਜਦਕਿ ਵੱਡੇ ਪੁਲਸ ਅਫ਼ਸਰ ਅਤੇ ਐਡਵੋਕੇਟ ਇਸ ਤਰ੍ਹਾਂ ਕੇਸ ਪਾਉਣ ਤੋਂ ਇਨਕਾਰੀ ਹੋ ਚੁੱਕੇ ਸਨ, ਇਸੇ ਲਈ ਰਾਤੋ ਰਾਤ ਡੀ. ਜੀ. ਪੀ. ਨੂੰ ਬਦਲ ਕੇ ਐੱਫ. ਆਈ. ਆਰ. ਦਰਜ ਕੀਤੀ ਗਈ। 

ਇਹ ਵੀ ਪੜ੍ਹੋ:  ਕਿਸਾਨ ਅੰਦੋਲਨ: ਪੰਜਾਬ ’ਚ ਰੇਲ ਆਵਾਜਾਈ ਦੀ ਮਾੜੀ ਹਾਲਤ, 125 ਤੋਂ ਵੱਧ ਟਰੇਨਾਂ ਰੱਦ, ਯਾਤਰੀ ਪਰੇਸ਼ਾਨ

ਚੀਮਾ ਨੇ ਕਿਹਾ ਕਿ ਅਸੀਂ ਇਸ ਲੜਾਈ ਲਈ ਕਾਨੂੰਨੀ ਚਾਰਾਜੋਈ ਵੀ ਕਰਾਂਗੇ ਅਤੇ 24 ਦਸੰਬਰ ਨੂੰ ਜਿਲ੍ਹਾ ਪੱਧਰੀ ਯੂਥ ਅਕਾਲੀ ਦਲ ਅਤੇ ਐੱਸ. ਓ. ਆਈ. ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ। ਰਾਣਾ ਗੁਰਜੀਤ ਸੋਢੀ ਵੱਲੋਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਪੁੱਛਣ 'ਤੇ ਡਾ. ਚੀਮਾ ਨੇ ਕਿਹਾ ਕਿ ਡੁੱਬਦੀ ਬੇੜੀ ਵਿਚੋਂ ਹਰ ਕੋਈ ਨਿਕਲਣਾ ਚਾਹੁੰਦਾ ਅਤੇ ਹੌਲੀ ਹੌਲੀ ਬਹੁਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਇਸ ਡੁੱਬਦੀ ਬੇੜੀ ਕਾਂਗਰਸ ਨੂੰ ਛੱਡ ਕੇ ਹੋਰ ਪਾਰਟੀਆਂ ਵਿੱਚ ਜਾ ਰਹੇ ਹਨ ਅਤੇ ਅਖੀਰ ਵਿਚ ਸ਼ਾਇਦ ਇਕੱਲਾ ਮੁੱਖ ਮੰਤਰੀ ਹੀ ਰਹਿ ਜਾਵੇ। ਇਸ ਮੌਕੇ ਬੀ. ਐੱਸ. ਪੀ. ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਜ਼ਿਲ੍ਹਾ ਪ੍ਰਧਾਨ ਰਾਮਪਾਲ ਅਬਿਆਣਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ , ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਕਲੋਤਾ, ਸੁਰਿੰਦਰ ਸਿੰਘ ਮਟੌਰ, ਸਾਬਕਾ ਤਹਿਸੀਲਦਾਰ ਜੋਗਿੰਦਰ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਇਹ ਵੀ ਪੜ੍ਹੋ: ਕੰਪੇਨ ਕਮੇਟੀ ਨੇ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਸੰਸਦ ਮੈਂਬਰਾਂ ਨੂੰ ਕੀਤਾ ਸਰਗਰਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News