ਦੁਕਾਨਦਾਰ ਦੀ ਮੌਤ ਦੇ ਮਾਮਲੇ ’ਚ 2 ਵਿਅਕਤੀ ਨਾਮਜ਼ਦ
Thursday, Apr 09, 2026 - 05:37 PM (IST)
ਪਟਿਆਲਾ (ਬਲਜਿੰਦਰ) : ਦੁਕਾਨ ਦੇ ਕਿਰਾਏਦਾਰ ਵੱਲੋਂ ਭਾਖੜਾ ’ਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੇ ਮਾਮਲੇ ’ਚ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਹਰੀਸ਼ ਮਿਗਲਾਨੀ ਅਤੇ ਸੁਸ਼ੀਲ ਕੁਮਾਰ ਖ਼ਿਲਾਫ਼ 108 ਬੀ.ਐੱਨ.ਐੱਸ. (ਆਤਮ-ਹੱਤਿਆ ਲਈ ਮਜਬੂਰ ਕਰਨ) ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਵਿਪਨ ਕੁਮਾਰ ਪੁੱਤਰ ਰਾਮ, ਵਾਸੀ ਡੋਗਰਾ ਮੁਹੱਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਲੜਕਾ ਅਛਰੂ ਗੁਪਤਾ (34) ਰੋਜ਼ਾਨਾ ਦੀ ਤਰ੍ਹਾਂ ਦੁਕਾਨ ’ਤੇ ਬੈਠਾ ਸੀ, ਜਿੱਥੋਂ ਉਕਤ ਵਿਅਕਤੀ ਉਸ ਨੂੰ ਧੱਕੇ ਨਾਲ ਪਟਿਆਲਾ ਕੋਰਟ ਲੈ ਗਏ। ਉੱਥੇ ਜ਼ਬਰਦਸਤੀ ਦਬਾਅ ਪਾ ਕੇ ਖ਼ਾਲੀ ਅਸਟਾਮ ਪੇਪਰ ’ਤੇ ਦੁਕਾਨ ਖ਼ਾਲੀ ਕਰਨ ਸਬੰਧੀ ਦਸਤਖ਼ਤ ਕਰਵਾ ਲਏ ਗਏ।
ਲੜਕੇ ਨੇ ਦੁਕਾਨ ’ਤੇ ਆ ਕੇ ਸਾਰੀ ਘਟਨਾ ਦੱਸੀ ਅਤੇ ਸੋਸ਼ਲ ਮੀਡੀਆ ’ਤੇ ਸਟੇਟਸ ਲਗਾਇਆ ਕਿ 'ਸਟੋਰ 99' ਵਾਲਾ ਸੁਸ਼ੀਲ ਕੁਮਾਰ ਉਸ ਨੂੰ ਮੈਂਟਲੀ ਡਿਸਟਰਬ (ਪ੍ਰੇਸ਼ਾਨ) ਕਰਦਾ ਹੈ ਅਤੇ ਉਸ ਦੀ ਮੌਤ ਲਈ ਉਕਤ ਵਿਅਕਤੀ ਜ਼ਿੰਮੇਵਾਰ ਹਨ। ਇਸ ਤੋਂ ਬਾਅਦ ਉਸ ਦੇ ਲੜਕੇ ਨੇ ਭਾਖੜਾ ’ਚ ਛਾਲ ਮਾਰ ਦਿੱਤੀ, ਜਿਸ ਦੀ ਲਾਸ਼ ਸਮਾਣਾ ਨੇੜਿਓਂ ਬਰਾਮਦ ਹੋਈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
