ਪਿੰਡ ਹਰੀਗੜ੍ਹ ਨੇੜੇ ਕਾਰ ਖੱਡ ’ਚ ਡਿੱਗੀ, ਪਤੀ-ਪਤਨੀ ਅਤੇ 7 ਮਹੀਨੇ ਦਾ ਬੱਚਾ ਮਸਾਂ ਬਚੇ
Monday, Apr 06, 2026 - 06:07 PM (IST)
ਦੇਵੀਗੜ੍ਹ (ਨੌਗਾਵਾਂ) : ਪਟਿਆਲਾ-ਪਿਹੇਵਾ ਰਾਜ ਮਾਰਗ ’ਤੇ ਬੀਤੀ ਰਾਤ 8 ਵਜੇ ਦੇ ਕਰੀਬ ਪਿੰਡ ਹਰੀਗੜ੍ਹ ਨੇੜੇ ਸੜਕ ਦੀ ਪੁਲੀ ਤੰਗ ਅਤੇ ਟੁੱਟੀ ਹੋਣ ਕਰਕੇ ਇਕ ਕਾਰ ਜੋ ਕਿ ਪਿਹੇਵਾ ਵਾਲੇ ਪਾਸਿਓਂ ਦੇਵੀਗੜ੍ਹ ਨੂੰ ਆ ਰਹੀ ਸੀ, ਡੂੰਘੀ ਖੱਡ ’ਚ ਡਿੱਗ ਪਈ ਸੀ, ਜਿਸ ਕਾਰਨ ਕਾਰ ਦਾ ਭਾਰੀ ਨੁਕਸਾਨ ਹੋ ਗਿਆ ਪਰ ਉਸ ’ਚ ਸਵਾਰ ਪਤੀ-ਪਤਨੀ ਅਤੇ ਇਕ 7-8 ਮਹੀਨੇ ਦਾ ਬੱਚਾ ਵਾਲ-ਵਾਲ ਬੱਚ ਗਏ। ਇਸ ਘਟਨਾ ਦੀ ਆਵਾਜ਼ ਸੁਣ ਕੇ ਨੇੜੇ ਦੇ ਗੁਰਦੁਆਰਾ ਭਗਤ ਧੰਨਾ ਜੀ ਦੇ ਸੇਵਾਦਾਰ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ, ਜਿਨ੍ਹਾਂ ਨੇ ਚਿੱਕੜ ’ਚ ਫਸੀ ਕਾਰ ’ਚੋਂ ਪਤੀ, ਪਤਨੀ ਅਤੇ ਛੋਟੇ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ। ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ। ਇਹ ਕਾਰ ਸਵਾਰ ਪਿਹੇਵਾ ਵੱਲੋਂ ਪਿੰਡ ਕਰਹਾਲੀ ਨੂੰ ਆਪਣੇ ਘਰ ਜਾ ਰਹੇ ਸਨ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਇਨ੍ਹਾਂ ਕਾਰ ਸਵਾਰਾਂ ਨੂੰ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਅਤੇ ਉੱਥੇ ਚਾਹ ਪਾਣੀ ਪਿਲਾ ਕੇ ਉਨ੍ਹਾਂ ਦੇ ਘਰ ਦਿਆਂ ਨੂੰ ਬੁਲਾ ਕੇ ਉਨ੍ਹਾਂ ਨਾਲ ਤੋਰ ਦਿੱਤਾ।
ਵਰਨਣਯੋਗ ਹੈ ਕਿ ਇਸੇ ਥਾਂ ’ਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ, ਜਿਸ ’ਚ ਇਕ ਪਿਕਅੱਪ ਗੱਡੀ ਖੱਡ ’ਚ ਡਿੱਗ ਪਈ ਤੇ ਉਸ ਦੇ ਡਰਾਈਵਰ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ 1 ਲੋਹੇ ਦਾ ਭਰਿਆ ਟਰੱਕ ਵੀ ਇਸ ਖੱਡ ’ਚ ਡਿੱਗ ਗਿਆ ਸੀ, ਜਿਸ ਦਾ ਕਾਫੀ ਨੁਕਸਾਨ ਹੋ ਗਿਆ ਸੀ। ਇਸ ਤੋਂ ਇਲਾਵਾ 3 ਮੋਟਰਸਾਈਕਲ ਸਵਾਰ ਵੀ ਇਸ ਖੱਡ ’ਚ ਡਿੱਗ ਗਏ ਸਨ, ਜਿਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਸਨ। ਯਾਦ ਰਹੇ ਕਿ ਪਟਿਆਲਾ-ਪਿਹੇਵਾ ਰਾਜ ਮਾਰਗ ਨਵਾਂ ਬਣ ਰਿਹਾ ਹੈ। ਪਿੰਡ ਹਰੀਗੜ੍ਹ ਨੇੜੇ ਇਕ ਪੁਰਾਣੀ ਪੁਲੀ ਟੁੱਟੀ ਪਈ ਹੈ, ਜਿਸ ਨੂੰ ਬਣਾਉਣ ਲਈ ਨਾਂ ਤਾਂ ਸਬੰਧਤ ਵਿਭਾਗ ਹੀ ਧਿਆਨ ਦੇ ਰਿਹਾ ਹੈ ਅਤੇ ਨਾ ਹੀ ਇਥੋਂ ਦੇ ਰਾਜਸੀ ਲੀਡਰ ਧਿਆਨ ਦੇ ਰਹੇ ਹਨ, ਜਿਸ ਕਰ ਕੇ ਇਥੇ ਪਤਾ ਹੀ ਨਹੀਂ ਕਦੋਂ ਕੋਈ ਵੱਡਾ ਹਾਦਸਾ ਵਾਪਰ ਜਾਵੇ, ਕਿਉਂਕਿ ਇਹ ਪੁਲੀ ਬਹੁਤ ਤੰਗ ਹੈ। ਤੇਜ਼ ਰਫਤਾਰ ਰਾਹਗੀਰ ਨੂੰ ਇਸ ਦਾ ਪਤਾ ਹੀ ਨਹੀਂ ਲੱਗਦਾ ਅਤੇ ਕਈ ਵਾਰ ਵ੍ਹੀਕਲ ਇਸ ਖੱਡ ’ਚ ਡਿੱਗ ਜਾਂਦਾ ਹੈ। ਲੋੜ ਹੈ ਇਸ ਪੁਲੀ ਨੂੰ ਨਵਾਂ ਅਤੇ ਚੌੜਾ ਬਣਾਉਣ ਦੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
