ਦਾਜ ਦੇ ਲਾਲਚ ''ਚ ਪਤਨੀ ਨੂੰ ਫਾਹਾ ਲਾ ਕੇ ਮਾਰਿਆ

Saturday, Aug 10, 2019 - 12:47 AM (IST)

ਦਾਜ ਦੇ ਲਾਲਚ ''ਚ ਪਤਨੀ ਨੂੰ ਫਾਹਾ ਲਾ ਕੇ ਮਾਰਿਆ

ਬਟਾਲਾ(ਜ. ਬ.)-ਦਾਜ ਦੇ ਲਾਲਚ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਫਾਹਾ ਲਾ ਕੇ ਮਾਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਗੁਰਮੀਤ ਕੌਰ (40 ਸਾਲ) ਦਾ ਵਿਆਹ 2011 ਵਿਚ ਹਰਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਾਜਵਾ ਕਾਲੋਨੀ ਗੁਰਦਾਸਪੁਰ ਨਾਲ ਹੋਇਆ ਸੀ । ਉਸ ਦਾ ਇਕ 6 ਸਾਲਾਂ ਦਾ ਬੇਟਾ ਵੀ ਹੈ। ਵਿਆਹ ਦੇ ਸਮੇਂ ਅਸੀਂ ਆਪਣੀ ਹੈਸੀਅਤ ਮੁਤਾਬਿਕ ਆਪਣੀ ਭੈਣ ਨੂੰ ਦਾਜ ਦਿੱਤਾ ਸੀ ਪਰ ਕੁੱਝ ਸਮੇਂ ਬਾਅਦ ਹੀ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਤੋਂ ਹੋਰ ਦਾਜ ਅਤੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਅਕਸਰ ਉਸ ਦੀ ਭੈਣ ਦੀ ਕੁੱਟ-ਮਾਰ ਵੀ ਕਰਦੇ ਸਨ।

ਉਸ ਦੀ ਭੈਣ ਕਰੀਬ 8 ਮਹੀਨੇ ਪਹਿਲਾਂ ਲੁਧਿਆਣੇ ਦੇ ਡੁਗਰੀ ਖੇਤਰ ਵਿਚ ਕਿਰਾਏ 'ਤੇ ਆ ਕੇ ਰਹਿਣ ਲੱਗੀ ਪਰ ਉਥੇ ਵੀ ਉਸ ਦੇ ਪਤੀ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਜਾਰੀ ਰੱਖਿਆ। ਬੀਤੇ ਦਿਨ ਵੀ ਉਸ ਨੇ ਮੇਰੀ ਭੈਣ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ, ਬਾਅਦ ਵਿਚ ਉਸ ਦੀ ਲਾਸ਼ ਨੂੰ ਪੱਖੇ ਨਾਲ ਲਟਕਾ ਦਿੱਤਾ। ਸਾਨੂੰ ਸੂਚਨਾ ਮਿਲੀ ਤਾਂ ਅਸੀਂ ਤੁਰੰਤ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰੱਖ ਦਿੱਤਾ ਹੈ। ਇਸ ਸਬੰਧੀ ਲੁਧਿਆਣਾ ਦੇ ਡੁਗਰੀ ਥਾਣੇ ਦੀ ਐੱਸ. ਆਈ. ਜਸਬੀਰ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦਰਬਾਰ ਕੌਰ ਪਤਨੀ ਸਵ. ਦਲੀਪ ਸਿੰਘ ਵਾਸੀ ਗਾਲੜੀ ਦੇ ਬਿਆਨਾਂ 'ਤੇ ਹਰਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਭਜਨ ਕੌਰ ਪਤਨੀ ਜੋਗਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।


author

Karan Kumar

Content Editor

Related News